ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਦੌਰਾਨ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਵਾਤਾਵਰਨ ਜੀਵਨ ਦਾ ਵਡਮੁੱਲਾ ਅੰਗ ਹੈ ਵਿਸ਼ੇ ਤੇ ਲੈਕਚਰ ਅਤੇ ਕਵਿਤਾਵਾਂ ਦੇ ਜ਼ਰੀਏ ਵਾਤਾਵਰਨ ਬਚਾਉਣ ਦੇ ਲਈ ਅਪੀਲ ਕੀਤੀ ਗਈ। ਸਕੂਲ ਦੇ ਬੱਚਿਆਂ ਨੇ ਇਕ ਰੈਲੀ ਦੇ ਮਾਧਿਅਮ ਰਾਹੀਂ ਸਮਾਜ ਦੇ ਲੋਕਾਂ ਨੂੰ ਆਪਣੇ ਵਾਤਾਵਰਨ ਨੂੰ ਸਾਫ਼- ਸੁਥਰਾ, ਸਵੱਛ ਅਤੇ ਸੁੰਦਰ ਬਣਾਉਣ ਲਈ ਪਹਿਲਕਦਮੀ ਕਰਨ ਲਈ ਪ੍ਰੇਰਿਆ।
ਇਸ ਦੌਰਾਨ ਬੱਚਿਆਂ ਨੇ ‘ਪਾਣੀ ਬਚਾਓ’, ‘ਧਰਤੀ ਬਚਾਓ’, ‘ਵੱਧ ਤੋਂ ਵੱਧ ਰੁੱਖ ਲਗਾਓ’, ‘ਪਲਾਸਟਿਕ ਦਾ ਪ੍ਰਯੋਗ ਬੰਦ ਕਰੋ’, ‘ਹਰਿਆਵਲ ਲਹਿਰ’, ‘ਰੁੱਖ ਸੁੰਦਰ ਆਸ਼ਿਆਨਾ’ ਅਤੇ ‘ਰੁੱਖਾਂ ਦੀ ਕਟਾਈ ਤੇ ਪਾਬੰਦੀ’ ਵਿਸ਼ਿਆਂ ‘ਤੇ ਸੁੰਦਰ ਸਲੋਗਨ ਵੀ ਬਣਾਏ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਕਿਹਾ ਕਿ ਵਾਤਾਵਰਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸਾਫ਼-ਸੁਥਰਾ ਵਾਤਾਵਰਨ ਹੀ ਸਾਫ਼- ਸੁਥਰੀ ਜ਼ਿੰਦਗੀ ਦੇ ਸਕਦਾ ਹੈ, ਸੋ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਸਵੱਛ, ਸੁੰਦਰ ਤੇ ਸਾਫ਼ ਰੱਖੀਏ।