ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ 77ਵੇਂ ਸੁਤੰਤਰਤਾ ਦਿਵਸ ਨੂੰ ਬੜੇ ਜੋਸ਼ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਦੌਰਾਨ ਸਾਰਾ ਸਕੂਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਬੱਚਿਆਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਦੇ ਵਿੱਚ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਜੋਸ਼ੀਲੇ ਭਾਸ਼ਣਾ ਦੇ ਨਾਲ਼ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਾਇਆ।
ਇਸ ਦੌਰਾਨ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਆਜ਼ਾਦੀ ਮਹੋਤਸਵ ਨੂੰ ਮਨਾਉਂਦਿਆਂ ਹੋਇਆਂ ਵੱਖ-ਵੱਖ ਗਤੀਵਿਧੀਆਂ; ਜਿਵੇਂ: ਸੋਲੋ ਡਾਂਸ, ‘ਕੋਰੀਓਗ੍ਰਾਫੀ਼ ਐਸਾ ਦੇਸ ਹੈ ਮੇਰਾ’, ਦੇਸ਼ ਭਗਤੀ ਦੇ ਗਾਣੇ, ਗਰੁੱਪ ਡਾਂਸ, ‘ਰੋਲ ਪਲੇ ਆਜ਼ਾਦੀ ਕੇ ਪਰਵਾਨੇ’ ਅਤੇ ਭੰਗੜੇ ਨੂੰ ਪੇਸ਼ ਕਰਕੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਦੌਰਾਨ ਕਿੰਡਰਗਾਰਟਨ ਦੇ ਸਾਰੇ ਬੱਚੇ ਵੱਖ-ਵੱਖ ਦੇਸ਼ ਭਗਤਾਂ ਦੇ ਰੂਪ ਵਿੱਚ ਨਜ਼ਰ ਆਏ।
ਇਸ ਦੇ ਨਾਲ਼ ਹੀ ਛੋਟੇ-ਛੋਟੇ ਧੁਰੰਦਰਾਂ ਨੇ ਫ਼ਲੈਗ ਮੇਕਿੰਗ ਗਤੀਵਿਧੀ ਵਿੱਚ ਵੀ ਪੂਰੇ ਜੋਸ਼ ਨਾਲ਼ ਹਿੱਸਾ ਲਿਆ। ਇਸ ਦੌਰਾਨ ਸਾਰਾ ਸਕੂਲ “ਵੰਦੇ ਮਾਤਰਮ” ਅਤੇ “ਭਾਰਤ ਮਾਤਾ ਕੀ ਜੈ” ਦੇ ਜੈ ਘੋਸ਼ ਨਾਲ਼ ਗੂੰਜ ਉੱਠਿਆ।
ਇਸ ਮੌਕੇ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਵੀ ਬੱਚਿਆਂ ਦੇ ਨਾਲ਼ ਮਿਲ ਕੇ ਆਜ਼ਾਦੀ ਮਹੋਤਸਵ ਦਾ ਖ਼ੂਬ ਆਨੰਦ ਮਾਣਿਆ। ਉਹਨਾਂ ਨਾਲ਼ ਹੀ ਸਾਰੇ ਬੱਚਿਆਂ ਨੂੰ ਦੇਸ਼ ਲਈ ਦ੍ਰਿੜ ਸੰਕਲਪੀ ਅਤੇ ਕਰਮ ਨਿਸ਼ਠਾਵਾਨ ਬਣਨ ਲਈ ਵੀ ਪ੍ਰੇਰਿਆ। ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ।