ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਲਾਭਪਾਤਰੀਆਂ ਨੂੰ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਸਬੰਧੀ ਮਨਜ਼ੂਰੀ ਦੀਆਂ ਚਿੱਠੀਆਂ ਵੰਡੀਆਂ।
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ‘ਲਿਪ’ ਦੇ ਸਰਪ੍ਰਸਤ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸੰਗਤ ਦੇ ਅਸ਼ੀਰਵਾਦ ਸਦਕਾ ਲੋਕ ਇਨਸਾਫ਼ ਪਾਰਟੀ ਦੇ ਮੁੱਖ ਦਫ਼ਤਰ ਕੋਟ ਮੰਗਲ ਸਿੰਘ ਵਿਖੇ ਚਲਾਏ ਜਾ ਰਹੇ ਸੁਵਿਧਾ ਕੇਂਦਰ ‘ਚ ਸਰਕਾਰ ਵੱਲੋਂ ਜਾਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਦਿਵਾਇਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਦੂਸਰੇ ਹਲਕਿਆਂ ਦੇ ਲੋਕ ਵੀ ਇਸ ਸੁਵਿਧਾ ਕੇਂਦਰ ਦਾ ਲਾਭ ਉਠਾ ਰਹੇ ਹਨ।
ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅਗਾਮੀ ਵਿਧਾਨ ਸਭਾ ਚੋਣਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਸਿਰਫ਼ ਚੋਣਾਂ ਦੇ ਦਿਨਾਂ ‘ਚ ਹੀ ਬਰਸਾਤੀ ਡੱਡੂਆਂ ਵਾਂਗ ਦਿਖਾਈ ਦਿੰਦੇ ਹਨ, ਜਿਨ੍ਹਾਂ ਤੋਂ ਵੋਟਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।