ਲੁਧਿਆਣਾ : ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਹੋਈ।
ਲੁਧਿਆਣਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ਨਾਲ ਸੰਬੰਧਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਬੈਠਕ ਦੌਰਾਨ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਨਿਰਵਿਘਨ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਹੁਤ ਬਾਰੀਕੀ ਨਾਲ ਤਿਆਰੀਆਂ ਕੀਤੀਆਂ ਜਾਣ।
ਉਨ੍ਹਾਂ ਚੋਣ ਡਿਊਟੀ ‘ਚ ਲੱਗੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੌਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਲੂੰ ਲੁਭਾਉਣ ਦੇ ਉਦੇਸ਼ ਨਾਲ ਪੈਸੇ ਦੀ ਵੰਡ, ਤੋਹਫੇ, ਸ਼ਰਾਬ ਜਾਂ ਕੋਈ ਹੋਰ ਵਸਤੂਆਂ ਆਦਿ ‘ਤੇ ਤਿੱਖੀ ਨਜ਼ਰ ਰੱਖੀ ਜਾਵੇ।
ਬੈਠਕ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਸ਼ਰਮਾ ਤੇ ਸ੍ਰੀ ਭੁੱਲਰ ਵੱਲੋਂ ਵਿਧਾਨ ਸਭਾ ਹਲਕਿਆਂ, ਖੰਨਾ, ਸਮਰਾਲਾ, ਸਾਹਨੇਵਾਲ, ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮ, ਲੁਧਿਆਣਾ ਉਤਰੀ, ਗਿੱਲ, ਪਾਇਲ, ਦਾਖਾ, ਰਾਏਕੋਟ, ਜਗਰਾਓਂ ਲਈ ਲਗਾਏ ਗਏ ਈ.ਆਰ.ਓਜ ਵੱਲੋਂ ਆਪਣੇ ਹਲਕੇ ‘ਚ ਚੋਣ ਤਿਆਰੀਆਂ ਦੀ ਪੂਰੀ ਗੰਭੀਰਤਾ ਨਾਲ ਸਮੀਖਿਆ ਕੀਤੀ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਿਆਂ ‘ਚ ਸੰਵੇਦਨਸ਼ੀਲ ਬੂਥਾਂ, ਜਿੱਥੇ ਨਸ਼ੇ, ਸ਼ਰਾਬ ਦੀ ਵਿਕਰੀ, ਕਿਸੇ ਮਾੜੇ ਅਨਸਰ ਜਾਂ ਕੋਈ ਗ਼ੈਰਕਾਨੂੰਨੀ ਗਤੀਵਿਧੀ ਹੋਣ ਦਾ ਖ਼ਦਸ਼ਾ ਹੋਵੇ ਤੋਂ ਇਲਾਵਾ ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟਾਂ ਦੀ ਪ੍ਰਤੀਸ਼ਤਤਾ ਵਧ ਰਹੀ ਹੋਵੇ ਜਾਂ ਕੋਈ ਬਸਤੀ, ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਵੱਸੋਂ ਵੱਧ ਹੋਵੇ ਆਦਿ ਮੁੱਦਿਆਂ ਦੇ ਅਧਾਰ ‘ਤੇ ਇਲਾਕਿਆਂ ਦੀ ਪਛਾਣ ਮੁੜ ਤੋਂ ਕਰ ਲਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਯੁਕਤ ਪੁਲਿਸ ਕਮਿਸ਼ਨਰ ਸ੍ਰੀ ਜੇ.ਐਲਨਚੇਜ਼ੀਅਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ)-ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਡਾ.ਨਯਨ ਜੱਸਲ, ਸੰਯੁਕਤ ਨਗਰ ਨਿਗਮ ਕਮਿਸ਼ਨਰ ਪੂਨਮਪ੍ਰੀਤ ਕੌਰ, ਚੋਣ ਤਹਿਸੀਲਦਾਰ ਸ੍ਰੀਮਤੀ ਅੰਜੂ ਬਾਲਾ ਅਤੇ ਹੋਰ ਹਾਜ਼ਰ ਸਨ।