Connect with us

ਪੰਜਾਬ ਨਿਊਜ਼

ਪੰਜਾਬ ਦੇ ਮੌਜੂਦਾ ਹਾਲਾਤ ਦਰਮਿਆਨ ਸ਼੍ਰੋਮਣੀ ਕਮੇਟੀ ਆਈ ਅੱਗੇ, ਲੋਕਾਂ ਲਈ ਕੀਤੇ ਖ਼ਾਸ ਪ੍ਰਬੰਧ

Published

on

Amidst the current situation in Punjab, the Shiromani Committee came forward, made special arrangements for the people

ਭਾਰੀ ਮੀਂਹ ਕਾਰਨ ਬਣੀ ਹੜ੍ਹ ਦੀ ਸਥਿਤੀ ਨੂੰ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਸਰਾਵਾਂ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਕਮਰੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਵਿਚ ਲੰਗਰ ਅਤੇ ਹੋਰ ਵਸਤਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਮਾਨਵਤਾ ਨਾਲ ਮੁਸ਼ਕਲ ਸਮੇਂ ’ਤੇ ਖੜ੍ਹਨਾ ਸ਼੍ਰੋਮਣੀ ਕਮੇਟੀ ਦੀ ਰਵਾਇਤ ਰਹੀ ਹੈ ਅਤੇ ਗੁਰੂ ਦਰਸਾਏ ਮਾਰਗ ’ਤੇ ਚੱਲਦਿਆਂ ਸਿੱਖ ਸੰਸਥਾ ਹਰ ਕੁਦਰਤੀ ਆਫ਼ਤ ਸਮੇਂ ਲੋਕਾਈ ਲਈ ਮਦਦਗਾਰ ਬਣੀ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸੇਵਾਵਾਂ ਦੇਣ ਲਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਆਖਿਆ ਗਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਵਿਚ 25 ਤੋਂ ਵੱਧ ਗੁਰਦੁਆਰਾ ਸਾਹਿਬਾਨ ਅੰਦਰ ਕੇਂਦਰ ਸਥਾਪਤ ਕੀਤੇ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਗਰੂਕ ਕਰਨ, ਤਾਂ ਜੋ ਪੀੜਤ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਔਖੀ ਘੜੀ ’ਚ ਮਾਨਵਤਾ ਦੇ ਨਾਲ ਹੈ ਅਤੇ ਆਪਣਾ ਬਣਦਾ ਫ਼ਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟੇਗੀ।

Facebook Comments

Trending