Connect with us

ਇੰਡੀਆ ਨਿਊਜ਼

ਵਿਲੱਖਣ ਵਿਵਸਥਾ ਹੈ ਲੰਗਰ ਗੁਰੂ ਰਾਮਦਾਸ ਦੀ, ਹਫ਼ਤੇ ਦੇ ਲੰਗਰ ਦਾ ਮੀਨੂ ਪਹਿਲਾਂ ਹੁੰਦਾ ਹੈ ਤਿਆਰ

Published

on

A unique arrangement is Langar Guru Ramdas, the langar menu for the week is prepared in advance

ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਵਿਖੇ ਹਫ਼ਤੇ ਭਰ ਦੇ ਲੰਗਰ ਦਾ ਮੀਨੂ ਪਹਿਲਾਂ ਹੀ ਤਿਆਰ ਹੁੰਦਾ ਹੈ। ਆਮ ਦਿਨਾਂ ਵਿਚ ਇਕ ਲੱਖ, ਸ਼ਨਿਚਰਵਾਰ ਤੇ ਐਤਵਾਰ ਦੋ ਲੱਖ ਤੋਂ ਵੱਧ ਅਤੇ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ’ਤੇ ਦੋ ਤੋਂ ਚਾਰ ਲੱਖ ਸੰਗਤ 24 ਘੰਟਿਆਂ ਵਿਚ ਲੰਗਰ ਛੱਕਦੀਆਂ ਹਨ। ਲੰਗਰ ਵਿਚ ਦਾਲਾਂ, ਸਬਜ਼ੀਆਂ, ਮਿੱਠਾ, ਚਾਵਲ, ਪ੍ਰਸ਼ਾਦਾ, ਚਾਹ ਆਦਿ 24 ਘੰਟੇ ਮਿਲਦੀ ਹੈ, 5 ਕਰੋੜ ਦੇ ਕਰੀਬ ਸੰਗਤ ਹਰ ਸਾਲ ਲੰਗਰ ਛੱਕਦੀ ਹੈ।

ਲੰਗਰ ਦੇ ਪ੍ਰਬੰਧ ਲਈ ਮੈਨੇਜਰ ਸਤਿੰਦਰ ਸਿੰਘ ਤੇ ਦੋ ਮੀਤ ਮੈਨੇਜਰ ਗੁਰਤਿੰਦਰ ਪਾਲ ਸਿੰਘ ਤੇ ਬਲਵਿੰਦਰ ਸਿੰਘ 450 ਸੇਵਾਦਾਰਾਂ ਤੇ 12 ਹਲਵਾਈਆਂ ਨਾਲ 24 ਘੰਟੇ ਪ੍ਰਬੰਧ ਚਲਾਉਂਦੇ ਹਨ। ਇਥੇ ਅਣਗਿਣਤ ਸੰਗਤ ਸ਼ਰਧਾ ਅਨੁਸਾਰ ਲੰਗਰ ਤਿਆਰ ਕਰਨ, ਵਰਤਾਉਣ, ਬਰਤਨਾਂ ਦੀ ਸਫਾਈ ਆਦਿ ਦੀ ਸੇਵਾ ਕਰਦੀ ਹੈ। ਦੁਨੀਆ ਭਰ ਵਿਚ ਸਭ ਤੋਂ ਵੱਡੀ ਫ੍ਰੀ ਰਸੋਈ ਵੱਜੋਂ ਜਾਣੀ ਜਾਂਦੀ ਸ੍ਰੀ ਗੁਰੂ ਰਾਮਦਾਸ ਜੀ ਦਾ ਲੰਗਰ ਘਰ ਹੈ।

ਇਥੇ ਧਾਰਮਿਕ ਸ਼ਖ਼ਸੀਅਤਾਂ, ਦੇਸ਼ਾਂ ਦੇ ਰਾਜੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ, ਸਰਕਾਰੀ ਉੱਚ ਅਹੁਦਿਆਂ ’ਤੇ ਤਾਇਨਾਤ ਅਧਿਕਾਰੀ ਆਮ ਸੰਗਤ ਨਾਲ ਪੰਗਤ ਵਿਚ ਬੈਠ ਕੇ ਮਰਿਆਦਾ ਅਨੁਸਾਰ ਲੰਗਰ ਛਕਦੇ ਹਨ। ਇਥੇ ਸੰਗਤ ਦੀ ਆਮਦ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਥੋਂ ਦੇ ਪ੍ਰਬੰਧ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ।

24 ਘੰਟੇ ਲੰਗਰ ਤਿਆਰ ਕਰਨ ਲਈ ਲੱਕੜ, ਪਾਈਪ ਲਾਈਨ ਗੈਸ ਤੇ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿਚ 100 ਕੁਇੰਟਲ ਲੱਕੜ, 20 ਸਿਲੰਡਰ, 150 ਯੂਨਿਟ ਪੀਐੱਨਜੀ ਪਾਈਪ ਲਾਈਨ ਰਾਹੀਂ ਗੈਸ ਦੀ ਹਰ ਰੋਜ਼ ਵਰਤੋਂ ਹੁੰਦੀ ਹੈ ਜੋ ਵੱਧ ਲੰਗਰ ਤਿਆਰ ਕਰਨ ਸਮੇਂ ਵੱਧ ਜਾਂਦੀ ਹੈ।

ਲੰਗਰ ਵਿਚ ਮੌਸਮੀ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਸਾਲ ’ਚ ਜ਼ਿਆਦਾਤਰ ਆਲੂ-ਮਟਰ, ਆਲੂ-ਪਨੀਰ, ਆਲੂ-ਨਿਊਟਰੀ ਤਿਆਰ ਹੁੰਦੀ ਹੈ। ਇਸ ਤੋਂ ਇਲਾਵਾ ਆਲੂ-ਗੋਭੀ, ਆਲੂ-ਗਾਜਰ, ਆਲੂ-ਬੈਂਗਣ, ਸ਼ਲਗਮ, ਕੱਦੂ, ਘੀਆਂ, ਘੀਆ ਤੋਰੀ ਆਦਿ ਮੌਸਮੀ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਫਰਵਰੀ ’ਚ ਸਾਗ-ਮੱਕੀ ਦੀ ਰੋਟੀ ਤੇ ਸਾਉਣ ਵਿਚ ਖੀਰ-ਪੂੜੇ ਵੀ ਤਿਅਰ ਕੀਤੇ ਜਾਂਦੇ ਹਨ।

ਸੋਮਵਾਰ- ਪ੍ਰਸ਼ਾਦੇ ਨਾਲ ਚਿੱਟੇ ਛੋਲੇ, ਦਾਲ, ਸਬਜ਼ੀ, ਖੀਰ, ਨਮਕੀਨ ਚੌਲ ਤਿਆਰ ਹੁੰਦੇ ਹਨ।
ਮੰਗਲਵਾਰ- ਪ੍ਰਸ਼ਾਦੇ ਨਾਲ ਕਾਲੇ ਛੋਲੇ, ਦਾਲ, ਸਬਜ਼ੀ, ਸੇਵੀਆਂ, ਨਮਕੀਨ ਚੌਲ ਤਿਆਰ ਹੁੰਦੇ ਹਨ।
ਬੁੱਧਵਾਰ- ਪ੍ਰਸ਼ਾਦੇ ਨਾਲ ਦਾਲ, ਕੜੀ-ਚਾਵਲ, ਖੀਰ ਸਬਜ਼ੀ ਤਿਆਰ ਹੁੰਦੀ ਹੈ।
ਵੀਰਵਾਰ- ਪ੍ਰਸ਼ਾਦੇ ਨਾਲ ਕਾਲੇ ਛੋਲੇ, ਦਾਲ, ਕੜਾਹ ਪ੍ਰਸ਼ਾਦ, ਨਮਕੀਨ ਚੌਲ ਤਿਆਰ ਹੁੰਦੇ ਹਨ।
ਸ਼ੁੱਕਰਵਾਰ- ਪ੍ਰਸ਼ਾਦੇ ਨਾਲ ਰਾਜਮਾਂਹ, ਦਾਲ, ਸਬਜ਼ੀ, ਖੀਰ, ਚੌਲ ਤਿਆਰ ਹੁੰਦੇ ਹਨ।
ਸ਼ਨਿਚਰਵਾਰ- ਪ੍ਰਸ਼ਾਦੇ ਨਾਲ ਕਾਲੇ ਛੋਲੇ, ਸਬਜ਼ੀ, ਦਾਲ, ਖੀਰ, ਨਮਕੀਨ ਚੌਲ ਤਿਆਰ ਹੁੰਦੇ ਹਨ।
ਐਤਵਾਰ- ਪ੍ਰਸ਼ਾਦੇ ਨਾਲ ਕੜੀ-ਚੌਲ, ਦਾਲ, ਸਬਜ਼ੀ, ਨਮਕੀਨ ਚੌਲ, ਸੇਵੀਆਂ, ਖੀਰ ਤਿਆਰ ਹੁੰਦੀ ਹੈ।

ਆਮ ਦਿਨਾਂ ’ਚ ਇਕ ਲੱਖ ਸੰਗਤ ਲਈ ਲੰਗਰ ਤਿਆਰ ਕਰਨ ਵਾਸਤੇ 60 ਕੁਇੰਟਲ ਆਟਾ, 15 ਕੁਇੰਟਲ ਚੌਲ, 17 ਕੁਇੰਟਲ ਦਾਲਾਂ, 20 ਕੁਇੰਟਲ ਸਬਜ਼ੀ, 2000 ਲੀਟਰ ਦੁੱਧ, 15 ਕੁਇੰਟਲ ਸੁੱਕਾ ਦੁੱਧ, ਦੇਸੀ ਘਿਓ, ਮਸਾਲੇ ਆਦਿ ਲੱਗਦੇ ਹਨ। ਜਿਸ ਤਰ੍ਹਾਂ ਸੰਗਤ ਦੀ ਆਮਦ ਵੱਧਦੀ ਹੈ ਲਾਗਤ ਦੁੱਗਣੀ ਜਾਂ ਇਸ ਤੋਂ ਵੀ ਵੱਧ ਹੋ ਜਾਂਦੀ ਹੈ।

Facebook Comments

Trending