Connect with us

ਅਪਰਾਧ

ਪੰਜਾਬ ‘ਚ ED ਦੀ ਛਾਪੇਮਾਰੀ ਦੌਰਾਨ ਕਰੀਬ 6 ਕਰੋੜ ਦੀ ਨਕਦੀ ਬਰਾਮਦ

Published

on

About Rs 6 crore cash recovered during ED raid in Punjab

ਲੁਧਿਆਣਾ :   ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਮੋਹਾਲੀ ਸਥਿਤ ਟਿਕਾਣਿਆਂ ‘ਤੇ ਵੀ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮੋਹਾਲੀ ਤੋਂ ਇਲਾਵਾ ਲੁਧਿਆਣਾ ਅਤੇ ਪੰਚਕੂਲਾ ‘ਚ ਵੀ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀ ਏਜੰਸੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ, ਮੋਹਾਲੀ, ਪਠਾਨਕੋਟ ਤੇ ਲੁਧਿਆਣਾ ‘ਚ ਦਰਜਨਾਂ ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ।

ਉਕਤ ਮਾਮਲੇ ‘ਚ ਮਨੀ ਲਾਂਡਰਿੰਗ ਦੀ ਰੋਕਥਾਮ ਸਬੰਧੀ ਐਕਟ ਦੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਈ. ਡੀ. ਨੇ ਪੰਜਾਬ ‘ਚ ਕਰੀਬ 6 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜਿਨ੍ਹਾਂ ‘ਚੋਂ ਮੁੱਖ ਮੰਤਰੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਲੁਧਿਆਣਾ ਸਥਿਤ ਰਿਹਾਇਸ਼ ਤੋਂ ਲਗਭਗ 4 ਕਰੋੜ ਰੁਪਏ ਅਤੇ ਲੁਧਿਆਣਾ ‘ਚ ਸੰਦੀਪ ਕੁਮਾਰ ਦੀ ਰਿਹਾਇਸ਼ ਤੋਂ ਤਕਰੀਬਨ 2 ਕਰੋੜ ਰੁਪਏ ਦੀ ਨਕਦੀ ਮਿਲੀ ਹੈ।

ਭੁਪਿੰਦਰ ਸਿੰਘ ਨੂੰ ਉਨ੍ਹਾਂ ਦੇ ਜੱਦੀ ਟਿਕਾਣੇ ‘ਤੇ ਲੁਧਿਆਣਾ ‘ਚ ਫੜ੍ਹ ਕੇ ਲਿਜਾਇਆ ਗਿਆ ਹੈ ਪਰ ਈ. ਡੀ. ਦੇ ਅਧਿਕਾਰੀਆਂ ਨੇ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਪਹਿਲਾਂ ਇਸ ਮਾਮਲੇ ’ਚ ਕੁਦਰਤਜੀਤ ਨਾਂ ਦੇ ਮੁਲਜ਼ਮ ਦਾ ਨਾਮ ਸਾਹਮਣੇ ਆਇਆ ਸੀ, ਜਦ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਸ ਦਾ ਮੁੱਖ ਸੂਤਰਧਾਰ ਭੁਪਿੰਦਰ ਹਨੀ ਹੈ।

ਈ. ਡੀ. ਨੂੰ ਸ਼ੱਕ ਹੈ ਕਿ ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਰੋੜਾਂ ਰੁਪਏ ਕਮਾਏ ਗਏ ਹਨ। ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਬੰਧੀ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਹਿਲਾਂ ਵੀ ਉੱਠ ਚੁੱਕਿਆ ਹੈ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ ਮਾਮਲਾ ਚੁੱਕਿਆ ਸੀ।

Facebook Comments

Trending