ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਸਿਹਤ ਸੁਰੱਖਿਆ ਨੂੰ ਮੁਖ ਰੱਖਦਿਆਂ ਵਰਲਡ ਹੈਲਥ ਡੇ ਮਨਾਇਆ ਗਿਆ। ਇਸ ਦੌਰਾਨ ਸਵੇਰ ਦੀ ਪ੍ਰਾਰਥਨਾ ਸਭਾ ਦੇ ਵਿੱਚ ਬੱਚਿਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੇ ਫ਼ਲੇਮਲੈੱਸ ਕੁਕਿੰਗ ਗਤੀਵਿਧੀ ਵਿਚ ਭਾਗ ਲੈ ਕੇ ਸੰਤੁਲਿਤ ਅਤੇ ਸਿਹਤਮੰਦ ਭੋਜਨ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ਼ ਹੀ ਸਵਸਥ ਭੋਜਨ ਦੀ ਮਹੱਤਤਾ ਅਤੇ ਸਰੀਰਕ ਸਾਫ਼-ਸਫ਼ਾਈ ਅਤੇ ਤੰਦਰੁਸਤੀ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿਹਤ ਇਕ ਵਡਮੁੱਲਾ ਧਨ ਹੈ ਜਿਸ ਦੀ ਸੁਰੱਖਿਆ ਸਾਡਾ ਪਰਮ ਧਰਮ ਹੈ। ਸੋ ਸਾਨੂੰ ਸਾਰਿਆਂ ਨੂੰ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਵੱਧ ਤੋ ਵੱਧ ਸੈਰ, ਸੰਤੁਲਿਤ ਭੋਜਨ ਅਤੇ ਹਲਕੀਆਂ- ਫੁਲਕੀਆਂ ਕਸਰਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।