Connect with us

ਖੇਤੀਬਾੜੀ

ਅਧਿਕਾਰੀਆਂ/ਕਰਮਚਾਰੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਦਿੱਤੀ ਟ੍ਰੇਨਿੰਗ

Published

on

Training given to officers / staff on direct sowing of paddy
 ਲੁਧਿਆਣਾ :  ਜਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਡਾ. ਬੈਨੀਪਾਲ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਿਕ ਪਾਣੀ ਦੇ ਅਣਮੁੱਲੇ ਸਰੋਤ ਨੂੰ ਬਚਾਉਣ ਲਈ ਸਾਲ 2022 ਦੌਰਾਨ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੰਜਾਬ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਦਾ ਪੱਧਰ ਜੋ ਕਿ ਲਗਾਤਾਰ ਥੱਲੇ ਜਾ ਰਿਹਾ ਹੈ, ਉਸ ਨੂੰ ਠੱਲ ਪਾਈ ਜਾ ਸਕੇ।
ਉਨ੍ਹਾਂ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਇਸ ਸਾਲ ਜਿਲ੍ਹੇ ਦਾ ਕੁੱਲ 36 ਹਜਾਰ ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦਾ ਯਤਨ ਕੀਤਾ ਜਾਵੇ ਅਤੇ ਪਾਣੀ ਦੀ ਬੱਚਤ ਕਰਨ ਵਾਲੀਆਂ ਖੇਤੀ ਤਕਨੀਕਾਂ ਜਿਵੇਂ ਕਿ ਤਰ-ਵੱਤਰ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਕੱਦੂ ਕਰਕੇ ਬੀਜੇ ਝੋਨੇ ਕਾਰਨ ਜਿੱਥੇ ਧਰਤੀ ਹੇਠ ਸਖਤ ਤਹਿ ਬਣਨ ਨਾਲ ਪਾਣੀ ਰੀਚਾਰਜ ਨਹੀਂ ਹੁੰਦਾ, ਉੱਥੇ ਅਗਲੀ ਫਸਲ ਕਣਕ ਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ।
ਝੋਨੇ ਦੀ ਸਿੱਧੀ ਬਿਜਾਈ ਕਾਫੀ ਫਾਇਦੇਮੰਦ ਸਾਬਿਤ ਹੋ ਰਹੀ ਹੈ, ਜਿਸ ਦੇ ਨਾਲ 15 ਤੋਂ 20 ਫੀਸਦ ਪਾਣੀ ਦੀ ਬੱਚਤ ਹੁੰਦੀ ਹੈ, ਕਣਕ ਦਾ ਝਾੜ 100 ਕਿਲੋ ਪ੍ਰਤੀ ਏਕੜ ਵੱਧ ਜਾਂਦਾ ਹੈ ਅਤੇ ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੋਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਜਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ 20 ਮਈ ਤੋਂ 15 ਜੂਨ ਤੱਕ ਜਾਗਰੂਕ ਕੈਂਪਾਂ ਦਾ ਆਯੋਜਨ ਕੀਤਾ ਜਾਣਾ ਹੈ।
 ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਕੁੱਲ 57 ਸੀਡ ਡਰਿੱਲਾਂ ਮੌਜੂਦ ਹਨ ਅਤੇ ਹਰ ਪਿੰਡ ਵਿੱਚ 2 ਤੋਂ 3 ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਵੱਧ ਤੋਂ ਵੱਧ ਅਪਣਾ ਸਕਣ। ਸਿੱਧੀ ਬਿਜਾਈ ਸਬੰਧੀ ਜਿਲ੍ਹਾ ਪੱਧਰ ‘ਤੇ 4 ਮਾਸਟਰ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਤਾਂ ਜੋ ਪੰਜਾਬ ਸਰਕਾਰ ਦੇ ਪਾਣੀ ਬਚਾਉਣ ਦੀ ਮੁਹਿੰਮ ਵਿੱਚ ਜਿਲ੍ਹਾ ਲੁਧਿਆਣਾ ਵੱਧ ਤੋਂ ਵੱਧ ਯੋਗਦਾਨ ਪਾ ਸਕੇ।

Facebook Comments

Trending