Connect with us

ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਜੁਲਾਈ, 2023)

Published

on

Today's hukamnama from Sri Darbar Sahib (July 15, 2023)

ਆਸਾ ॥
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥ ਦੁਤੁਕੇ॥
ਸ਼ਨਿਚਰਵਾਰ, ੩੧ ਹਾੜ (ਸੰਮਤ ੫੫੫ ਨਾਨਕਸ਼ਾਹੀ) ੧੫ ਜੁਲਾਈ, ੨੦੨੩ (ਅੰਗ: ੪੭੭)
ਆਸਾ ॥
(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ । ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ’ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ।੧।(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ । ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ।੧।ਰਹਾਉ। ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ।੨। ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ । ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ ।੩। ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ ‘ਆਪਣਾ’ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ ।੪।੯। ਨੋਟ:—ਦੋ ਦੋ ਤੁਕਾਂ ਦੇ ‘ਬੰਦ’ ਵਾਲੇ ਇਹ ੯ ਸ਼ਬਦ ਹਨ।

Facebook Comments

Trending