Connect with us

ਪੰਜਾਬੀ

ਲੁਧਿਆਣਾ ਜਿਲ੍ਹੇ ਦੇ ਇਸ ਸਿਵਲ ਹਸਪਤਾਲ ਨੂੰ ਐਲਾਨਿਆ ਗਿਆ ਪੰਜਾਬ ਦਾ ਸਰਵੋਤਮ ਹਸਪਤਾਲ

Published

on

This civil hospital of Ludhiana was declared the best hospital in Punjab

ਸਮਰਾਲਾ/ ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਐੱਨ. ਕਿਊ. ਐੱਸ. ਅਧੀਨ ਸਬ-ਡਵੀਜ਼ਨਲ ਹਸਪਤਾਲ ਸਮਰਾਲਾ ਦੀ ਕੀਤੀ ਗਈ ਜਾਂਚ ਉਪਰੰਤ ਇਸ ਨੂੰ ਪੰਜਾਬ ਦਾ ਸਰਵੋਤਮ ਹਸਪਤਾਲ ਐਲਾਨਿਆ ਹੈ। ਇਸ ਸਬੰਧੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਜਾਂਚ ਟੀਮ ਵਲੋਂ ਪਿਛਲੇ ਸਾਲ ਦਸੰਬਰ ਵਿਚ ਸਥਾਨਕ ਸਬ-ਡਵੀਜ਼ਨ ਹਸਪਤਾਲ ਦੀ ਜਾਂਚ ਕੀਤੀ ਗਈ ਸੀ। ਇਸ ਦੀ ਜੋ ਰਿਪੋਰਟ ਆਈ ਹੈ, ਉਸ ‘ਚ ਹਸਪਤਾਲ 81 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਰਟੀਫਿਕੇਟ ਹਾਸਲ ਕਰਨ ‘ਚ ਸਫ਼ਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹਾ ਲੁਧਿਆਣਾ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਸਟਾਫ਼ ਵਲੋਂ ਬੜੀ ਹੀ ਤਨਦੇਹੀ ਨਾਲ ਸੇਵਾ ਨਿਭਾਅ ਕੇ ਇਸ ਹਸਪਤਾਲ ਦੇ ਕੰਮ ਬੜੇ ਹੀ ਸੁਚੱਜੇ ਢੰਗ ਨਾਲ ਕੀਤੇ ਜਾ ਰਹੇ ਹਨ। ਕੇਂਦਰੀ ਜਾਂਚ ਟੀਮ ਵਲੋਂ ਹਸਪਤਾਲ ਦੇ ਹਰ ਇਕ ਪਹਿਲੂ ’ਤੇ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਅਤੇ ਕੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਮੇਂ ਸਿਰ ਮਿਲ ਰਹੀਆਂ ਹਨ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਹਸਪਤਾਲ ਸਮਰਾਲਾ ਉਕਤ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ। ਇਸ ਲਈ ਐੱਨ. ਕਿਊ. ਐੱਸ. ਦਾ ਸਰਟੀਫਿਕੇਟ ਹਾਸਲ ਕੀਤਾ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸਮਰਾਲਾ ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਭੇਜੀ ਗਈ ਟੀਮ ਵਲੋਂ ਦਸੰਬਰ 2022 ’ਚ ਹਸਪਤਾਲ ਦਾ 3 ਦਿਨ ਦਾ ਦੌਰਾ ਕੀਤਾ ਗਿਆ ਸੀ।

ਇਸ ਦੌਰਾਨ ਟੀਮ ਨੇ ਹਸਪਤਾਲ ਦੇ 12 ਮਹਿਕਮਿਆਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ। ਨਿਰੀਖਣ ਉਪਰੰਤ ਟੀਮ ਨੇ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਸਾਰੇ ਮਾਪਦੰਡਾਂ ਵਿਚ ਯੋਗ ਪਾਇਆ। ਸਮਰਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਮ ਲੋਕਾਂ ਲਈ ਮਿਆਰੀ ਸਿਹਤ ਸੇਵਾਵਾਂ ਦੇਣ ਵਾਲੇ ਇਸ ਹਸਪਤਾਲ ਵਲੋਂ ਐੱਨ. ਕਿਊ. ਐੱਸ. ਸਰਟੀਫਿਕੇਟ ਹਾਸਲ ਕਰਨਾ ਸਿਵਲ ਹਸਪਤਾਲ ਸਮਰਾਲਾ ਲਈ ਫ਼ਖ਼ਰ ਵਾਲੀ ਗੱਲ ਹੈ।

Facebook Comments

Trending