ਪੰਜਾਬੀ

ਸ਼ੌਕਤ ਅਲੀ ਪੰਜਾਬੀ ਲੋਕ ਸੰਗੀਤ ਦਾ ਉੱਚ ਦੋਮਾਲੜਾ ਬੁਰਜ ਸੀ- ਗੁਰਭਜਨ ਗਿੱਲ

Published

on

ਲੁਧਿਆਣਾ : ਆਲਮੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਲੋਕ ਗਾਇਕ ਜਨਾਬ ਸ਼ੌਕਤ ਅਲੀ ਦੀ ਪਹਿਲੀ ਬਰਸੀ ਮੌਕੇ ਚੇਤਨਾ ਪ੍ਰਕਾਸ਼ਨ,ਗੁਲਾਟੀ ਪਬਲਿਸ਼ਰਜ਼ ਸਰੀ(ਕੈਨੇਡਾ), ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਵਿਜ਼ਨ ਆਫ਼ ਪੰਜਾਬ ਵੱਲੋਂ ਸਾਂਝੇ ਤੌਰ ਸਮਾਗਮ ਕਰਵਾਇਆ ਗਿਆ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸ਼ੌਕਤ ਅਲੀ ਜੀ ਦੇ ਗੀਤ ਸੁਣ ਸੁਣ ਕੇ ਹੀ ਅਸੀਂ ਸਾਰੇ ਜਵਾਨ ਹੋਏ ਹਾਂ। ਉਨ੍ਹਾਂ ਨੇ ਲਗਪਗ ਪਚਵੰਜਾ ਸਾਲ ਰੱਜ ਕੇ ਗਾਇਆ। 1960 ਤੋਂ ਸ਼ੁਰੂ ਹੋਇਆ ਸੰਗੀਤ ਸਫ਼ਰ ਪਿਛਲੇ ਸਾਲ ਮੁੱਕਿਆ। ਉਹ ਗਾਇਕ ਵੀ ਸਨ ਤੇ ਗੀਤ ਸਿਰਜਕ ਵੀ। ਦੋ ਗੀਤ ਪੁਸਤਕਾਂ ਦੇ ਲੇਖਕ ਸ਼ੌਕਤ ਅਲੀ ਬੜੇ ਅਦਬ ਨਿਵਾਜ਼ ਇਨਸਾਨ ਸਨ।

ਸ਼ੌਕਤ ਅਲੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਲੇਖਕਾਂ , ਕਲਾਕਾਰਾਂ ਤੇ ਬੁੱਧੀਜੀਵੀਆਂ ਦਾ ਸਵਾਗਤ ਕਰਦਿਆਂ ਸਤੀਸ਼ ਗੁਲਾਟੀ ਨੇ ਕਿਹਾ ਕਿ ਦਸ ਸਾਲ ਪਹਿਲਾਂ ਮੈਂ ਇਕਬਾਲ ਮਾਹਲ ਦੀ ਪ੍ਰੇਰਨਾ ਨਾਲ ਸ਼ੌਕਤ ਅਲੀ ਸਾਹਿਬ ਦੇ ਗੀਤਾਂ ਦਾ ਪਹਿਲਾ ਸੰਗ੍ਰਹਿ ਹੰਝੂਆਂ ਦੇ ਆਲ੍ਹਣੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਸੀ। ਉਨ੍ਹਾਂ ਦਾ ਸਨੇਹੀ ਵਿਹਾਰ ਅੱਜ ਵੀ ਮੈਨੂੰ ਪ੍ਰਸੰਨਤਾ ਦਿੰਦਾ ਹੈ ਜਦ ਉਨ੍ਹਾਂ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਮੈਨੂੰ ਗਲਵੱਕੜੀ ਪਾ ਕੇ ਮੈਨੂੰ ਤੇ ਮੇਰੇ ਪ੍ਰਕਾਸ਼ਨ ਨੂੰ ਪ੍ਰਵਾਨ ਕੀਤਾ।

ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਆਪਣੀ ਭਾਵਨਾ ਪੇਸ਼ ਕਰਦਿਆਂ ਕਿਹਾ ਕਿ ਉਹ ਮੇਰੇ ਗਾਇਬਾਨਾ ਉਸਤਾਦ ਵੀ ਸਨ ਤੇ ਵੱਡੇ ਵੀਰ ਵੀ। ਉਨ੍ਹਾਂ ਨਾਲ ਅਮਰੀਕਾ, ਕੈਨੇਡਾ ਤੇ ਯੂ ਕੇ ਵਿੱਚ ਸਟੇਜ ਸਾਂਝੀ ਕਰਨ ਦਾ ਸੁਭਾਗ ਅੱਜ ਵੀ ਰੂਹ ਨੂੰ ਤਾਜ਼ਗੀ ਦਿੰਦਾ ਹੈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ੌਕਤ ਅਲੀ ਸਾਹਿਬ ਪੰਜਾਬੀ ਲੋਕ ਸੰਗੀਤ ਦੇ ਉੱਚ ਦੋਮਾਲੜੇ ਬੁਰਜ ਸਨ। ਨਾਲ ਪਹਿਲੀ ਮੁਲਾਕਾਤ 1996 ਚ ਅਟਾਰੀ ਰੇਲਵੇ ਸਟੇਸ਼ਨ ਤੇ ਹੋਈ, ਜਿਸ ਥਾਣੀਂ ਉਹ ਇਨਾਇਤ ਹੁਸੈਨ ਭੱਟੀ, ਰੇਸ਼ਮਾਂ ਤੇ ਅਕਰਮ ਰਾਹੀ ਨਾਲ ਪਹਿਲੀ ਵਾਰ ਮੁੱਦਤ ਬਾਅਦ ਪੰਜਾਬ ਦੌਰੇ ਤੇ ਆਏ ਸਨ। ਇਨ੍ਹਾਂ ਸਾਰੇ ਕਲਾਕਾਰਾਂ ਨੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਸ਼ਬਦ ਗਾ ਕੇ ਸਭ ਨੂੰ ਨਿਹਾਲ ਕੀਤਾ।

 

Facebook Comments

Trending

Copyright © 2020 Ludhiana Live Media - All Rights Reserved.