ਪੰਜਾਬ ਨਿਊਜ਼
ਪੀ.ਏ.ਯੂ. ਵਾਈਸ ਚਾਂਸਲਰ ਨੇ ਕਿਸਾਨ ਮੇਲਿਆਂ ਦੀ ਸਫ਼ਲਤਾ ਲਈ ਸਮੁੱਚੇ ਸਟਾਫ਼ ਦਾ ਕੀਤਾ ਧੰਨਵਾਦ
Published
3 years agoon

ਲੁਧਿਆਣਾ : ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਿਸਾਨ ਮੇਲਿਆਂ ਦੇ ਸਫ਼ਲ ਆਯੋਜਨ ਤੋਂ ਬਾਅਦ ਇੱਕ ਇਕੱਤਰਤਾ ਹੋਈ । ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਸ਼ੰਮੀ ਕਪੂਰ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੇਤ ਖੇਤਰੀ ਖੋਜ ਕੇਂਦਰਾਂ ਦੇ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ, ਗੈਰ ਅਧਿਆਪਨੀ ਅਮਲਾ ਅਤੇ ਦਿਹਾੜੀਦਾਰ ਕਾਮਿਆਂ ਸਮੇਤ ਭਾਰੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ।
ਇਸ ਮੌਕੇ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਆਪਾਂ 6 ਖੇਤਰੀ ਮੇਲੇ ਅਤੇ ਪੀ.ਏ.ਯੂ. ਦਾ ਦੋ ਰੋਜ਼ਾ ਮੇਲਾ ਸਫ਼ਲਤਾ ਨਾਲ ਕਰਵਾਏ ਹਨ । ਉਹਨਾਂ ਕਿਹਾ ਕਿ ਇਹ ਮੇਲੇ ਪੀ.ਏ.ਯੂ. ਦੀ ਦਿੱਖ ਬਾਹਰੀ ਸਮਾਜ ਵਿੱਚ ਬਿਹਤਰ ਬਨਾਉਣ ਦਾ ਕੰਮ ਕਰਦੇ ਹਨ ਇਸਲਈ ਪਸਾਰ ਕਾਰਜਾਂ ਨੂੰ ਖੋਜ ਅਤੇ ਅਧਿਆਪਨ ਦੇ ਬਰਾਬਰ ਮਹੱਤਵ ਦੇਣ ਲਈ ਇਹਨਾਂ ਮੇਲਿਆਂ ਦਾ ਸਫਲ ਹੋਣਾ ਓਨਾ ਹੀ ਜ਼ਰੂਰੀ ਹੈ । ਉਹਨਾਂ ਕਿਹਾ ਕਿ ਤਕਰੀਬਨ ਤਿੰਨ ਸਾਲ ਬਾਅਦ ਲੱਗੇ ਇਹਨਾਂ ਮੇਲ਼ਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਜੁੜੇ ।
ਉਹਨਾਂ ਕਿਹਾ ਕਿ ਇਹ ਮੇਲੇ ਸਾਢੇ ਪੰਜ ਦਹਾਕਿਆਂ ਤੋਂ ਲੱਗ ਰਹੇ ਹਨ ਪਰ ਪਹਿਲੀ ਵਾਰ ਮੇਲੇ ਦੇ ਮੰਚ ਤੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ, ਪਸ਼ੂ ਪਾਲਣ ਮੰਤਰੀ ਅਤੇ 12 ਹਲਕਿਆਂ ਦੇ ਵਿਧਾਇਕ ਇਕੱਠੇ ਬੈਠੇ ਸਨ । ਡਾ. ਗੋਸਲ ਨੇ ਕਿਹਾ ਕਿ ਉਹਨਾਂ ਨੇ ਆਪ ਇਸ ਮੇਲੇ ਦਾ ਦੌਰਾ ਦੋਵੇਂ ਦਿਨ ਕੀਤਾ ਅਤੇ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਦੇਖਦਿਆਂ ਹਨ ਬਣਦਾ ਸੀ। ਉਹਨਾਂ ਕਿਹਾ ਕਿ ਬੀਜ ਅਤੇ ਸਾਹਿਤ ਕਿਸਾਨਾਂ ਦੀ ਖਿੱਚ ਦਾ ਕੇਂਦਰ ਸਨ । ਨਾਲ ਹੀ ਵਾਈਸ ਚਾਂਸਲਰ ਨੇ ਰਿਹਾਇਸ਼ੀ ਪ੍ਰਬੰਧਾਂ ਲਈ ਕੈਰੋਂ ਕਿਸਾਨ ਘਰ ਦੀ ਭਰਵੀਂ ਤਾਰੀਫ ਕੀਤੀ ਜਿੱਥੇ ਸਮਰਥਾ ਤੋਂ ਕਿਤੇ ਜ਼ਿਆਦਾ ਕਿਸਾਨਾਂ ਨੂੰ ਠਾਹਰ ਦਿੱਤੀ ਗਈ ਸੀ ।
ਇਸ ਇਕੱਤਰਤਾ ਲਈ ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਹੇ । ਉਹਨਾਂ ਕਿਹਾ ਕਿ ਕਿਸਾਨਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਜ਼ਰੂਰੀ ਸੀ ਕਿ ਇਸ ਵਾਰ ਮੇਲੇ ਆਪਣੇ ਪੁਰਾਣੇ ਰੂਪ ਵਿੱਚ ਲੱਗ ਰਹੇ ਹਨ । ਇਸ ਕਾਰਜ ਵਿੱਚ ਯੂਨੀਵਰਸਿਟੀ ਨੇ ਸਾਰੇ ਮਾਧਿਅਮਾਂ ਦੀ ਵਰਤੋਂ ਕੀਤੀ । ਡਾ. ਅਸ਼ੋਕ ਕੁਮਾਰ ਨੇ ਖੇਤਰੀ ਖੋਜ ਕੇਂਦਰਾਂ ਵਿੱਚ ਹੋਏ ਮੇਲਿਆਂ ਨੂੰ ਸਫਲਤਾ ਨਾਲ ਯੂਨੀਵਰਸਿਟੀ ਦੀ ਗੱਲ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਕਿਹਾ ।
ਅੰਤ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਜਿਨਾਂ ਨੇ ਕਿਸਾਨ ਮੇਲ਼ਿਆਂ ਦੀ ਜੜ ਲਾਈ । ਉਹਨਾਂ ਆਸ ਪ੍ਰਗਟਾਈ ਕਿ ਨਵੀਂ ਪੀੜੀ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਏਗੀ । ਇਸ ਮੌਕੇ ਮੇਲਿਆਂ ਬਾਰੇ ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਬਣਾਈ ਡਾਕੂਮੈਂਟਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ ।
You may like
-
ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਨਵੇਂ ਯੋਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਹੈਰੀਟੇਜ ਵਾਕ ਦਾ ਆਯੋਜਨ
-
ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਕੀਤੀ ਅਪੀਲ
-
ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ
-
ਡਾ. ਨਿਰਮਲ ਜੌੜਾ MRSPTU ਦੀ ਸਭਿਆਚਾਰਕ ਕੌਂਸਲ ਦੇ ਮੈਂਬਰ ਨਾਮਜਦ
-
ਸੀਨੀਅਰ ਸਿਟੀਜ਼ਨ ਕਿਸੇ ਵੀ ਸਮਾਜ ਦਾ ਧੁਰਾ ਹੁੰਦੇ ਹਨ : ਵਾਈਸ ਚਾਂਸਲਰ