Connect with us

ਖੇਤੀਬਾੜੀ

ਪੀ.ਏ.ਯੂ. ਨੇ ਫ਼ਲਾਂ ਦੇ ਕੇਰੇ ਅਤੇ ਪਤੰਗਿਆਂ ਦੀ ਰੋਕਥਾਮ ਬਾਰੇ ਦਿੱਤੀ ਸਿਖਲਾਈ 

Published

on

PAU Gave training on prevention of fruit rot and moths

ਲੁਧਿਆਣਾ :  ਪੀ.ਏ.ਯੂ. ਦੇ ਫ਼ਲ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਬਾਗਬਾਨੀ ਮਿਸ਼ਨ ਅਤੇ ਆਈ.ਸੀ.ਏ.ਆਰ.ਵੱਲੋਂ ਫ਼ਲਾਂ ਲਈ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਅਧੀਨ ਐਮ. ਐਸ. ਰੰਧਾਵਾ ਫ਼ਲ ਖੋਜ ਕੇਂਦਰ, ਗੰਗੀਆਂ, ਜ਼ਿਲਾ ਹੁਸ਼ਿਆਰਪੁਰ ਵਿਖੇ “ਨਿੰਬੂ ਜਾਤੀ ਦੇ ਫ਼ਲਾਂ ਡਿੱਗਣਾ ਅਤੇ ਫ਼ਲ ਚੂਸਣੇ ਪਤੰਗੇ ਦੇ ਪ੍ਰਬੰਧਨ” ਸੰਬੰਧੀ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਦਾ ਉਦੇਸ਼ ਫ਼ਲ ਉਤਪਾਦਕਾਂ ਨੂੰ ਨਿੰਬੂ ਜਾਤੀ ਦੇ ਫ਼ਲਾਂ ਦਾ ਕੇਰਾ ਅਤੇ ਫ਼ਲਾਂ ਉੱਤੇੇ ਰਸ ਚੂਸਣੇ ਪਤੰਗੇ ਦੀ ਰੋਕਥਾਮ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ।

ਇਸ ਮੌਕੇ ਡਾ: ਸੰਦੀਪ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਅਤੇ ਸਾਰੇ ਸਿਖਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਉਨਾਂ ਨੇ ਨਿੰਬੂ ਜਾਤੀ ਦੇ ਫ਼ਲਾਂ ਉੱਤੇੇ ਰਸ ਚੂਸਣੇ ਪਤੰਗੇ ਦੀ ਸਰਵਪੱਖੀ ਰੋਕਥਾਮ ਬਾਰੇ ਵਿਚਾਰ ਵਟਾਂਦਰਾ ਕੀਤਾ ਜੋ ਕੰਢੀ ਖੇਤਰ ਦੇ ਨਿੰਬੂ ਉਤਪਾਦਕਾਂ ਲਈ ਖਤਰਾ ਬਣ ਰਿਹਾ ਹੈ। ਉਨਾਂ ਦਸਿਆ ਕਿ ਇਸ ਦੀ ਰੋਕਥਾਮ ਤਕਨਾਲੋਜੀ ਦੀ ਸਿਫ਼ਾਰਿਸ਼ ਹਾਲ ਹੀ ਵਿੱਚ ਪੀ.ਏ.ਯੂ, ਲੁਧਿਆਣਾ ਦੇ ਨਾਲ-ਨਾਲ ਆਈ.ਸੀ.ਏ.ਆਰ.-ਏ.ਆਈ.ਸੀ.ਆਰ.ਪੀ. (ਫ਼ਲਾਂ) ਬੰਗਲੌਰ ਵੱਲੋਂ ਕੀਤੀ ਗਈ ਹੈ।

ਜ਼ਿਲਾ ਪਸਾਰ ਵਿਗਿਆਨੀ ਡਾ. ਚਰਨਜੀਤ ਕੌਰ ਵੱਲੋ ਬਾਗਾਂ ਵਿੱਚ ਨਦੀਨ ਪ੍ਰਬੰਧਨ ਦੀ ਮਹੱਤਤਾ ਬਾਰੇ ਚਰਚਾ ਕੀਤੀ । ਉਹਨਾਂ ਇਹ ਵੀ ਦੱਸਿਆ ਕਿ ਅਸੀਂ ਆਪਣੇ ਬਾਗਾਂ ਨੂੰ ਨਦੀਨਾਂ ਤੋਂ ਮੁਕਤ ਕਿਵੇਂ ਰੱਖ ਸਕਦੇ ਹਾਂ। ਇਸ ਮੌਕੇ  ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਫ਼ਲਾਂ ਉਤੇ ਆਉਣ ਵਾਲੀ ਫ਼ਲ ਦੀ ਮੱਖੀ ਨਾਲ ਹੋਣ ਵਾਲੇ ਨੁਕਸਾਨ ਅਤੇ ਉਹਨਾਂ ਦੇ ਰੋਕਥਾਮ ਬਾਰੇ ਸਿਖਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਉਨਾਂ ਪੀ.ਏ.ਯੂ. ਫਰੂਟ ਫਲਾਈ ਟਰੈਪ ਦੀ ਵਰਤੋਂ ਕਰਕੇ ਮੱਖੀਆਂ ਦੀ ਸਰਵਪੱਖੀ ਰੋਕਥਾਮ ਦੇ ਤਰੀਕੇ ਦੱਸੇ । ਡਾ. ਅਨੀਤਾ ਅਰੋੜਾ, ਸੀਨੀਅਰ ਪੌਦਾ ਰੋਗ ਵਿਗਿਆਨੀ (ਫ਼ਲ), ਨੇ ਨਿੰਬੂ ਜਾਤੀ ਦੇ ਫ਼ਲਾਂ ਨੂੰ ਝੜਨ ਤੋਂ ਰੋਕਣ ਲਈ ਸਰਵਪੱਖੀ ਰੋਕਥਾਮ ਦੇ ਪ੍ਰਬੰਧਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

ਡਾ. ਇੰਦਿਰਾ ਦੇਵੀ ਨੇ ਸਿਖਿਆਰਥੀਆਂ ਨੂੰ ਨਿੰਬੂ ਜਾਤੀ ਵਿੱਚ ਫ਼ਲਾਂ ਦੇ ਕੇਰੇ ਦੀ ਰੋਕਥਾਮ ਲਈ ਸਿਫ਼ਾਰਿਸ਼ ਅਨੁਸਾਰ  ਛਿੜਕਾਅ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਡਾ. ਮਨਿੰਦਰ ਸਿੰਘ ਬੌਂਸ ਨੇ ਕਿ੍ਰਸ਼ੀ ਵਿਗਿਆਨ ਕੇਂਦਰ ਦੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਸੁਮਨਜੀਤ ਕੌਰ, ਇੰਚਾਰਜ, ਫ਼ਲ ਖੋਜ ਕੇਂਦਰ, ਗੰਗੀਆਂ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

Facebook Comments

Trending