Connect with us

ਪੰਜਾਬੀ

ਪੀ.ਏ.ਯੂ. ਵਿੱਚ ਵਿਰਾਸਤੀ ਕਲਾ ਮੇਲਾ ਆਯੋਜਿਤ ਕੀਤਾ ਗਿਆ

Published

on

P.A.U. Heritage Art Fair was organized in

ਲੁਧਿਆਣਾ :  ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਵਿਦਿਆਰਥੀਆਂ ਵਿੱਚ ਵਿਰਾਸਤੀ ਅਤੇ ਕਲਾਤਮਕ ਰੁਚੀਆਂ ਜਾਗਰਿਤ ਕਰਨ ਲਈ ਵਿਰਾਸਤੀ ਕਲਾ ਮੇਲੇ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਵਿਦਿਆਰਥੀਆਂ ਦੇ ਕਈ ਕਲਾਵਾਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਪੱਗ ਬੰਨਣ, ਪਰਾਂਦਾ ਗੁੰਦਣ, ਇੰਨੂ ਬਨਾਉਣ, ਪੀੜੀ ਬੁਨਣ, ਫੁਲਕਾਰੀ ਕੱਢਣ, ਮਹਿੰਦੀ ਲਾਉਣ ਆਦਿ ਪ੍ਰਮੁੱਖ ਹਨ ।

ਸਮਾਪਤੀ ਸਮਾਰੋਹ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਸ਼ਾਮਿਲ ਹੋਏ । ਡਾ. ਪਾਤਰ ਨੇ ਪੀ.ਏ.ਯੂ. ਨੂੰ ਖੇਤੀ ਖੋਜ ਦੇ ਨਾਲ-ਨਾਲ ਵਿਰਸੇ ਦੀ ਸਾਂਭ-ਸੰਭਾਲ ਕਰਨ ਵਾਲੀ ਅਹਿਮ ਸੰਸਥਾ ਕਿਹਾ । ਉਹਨਾਂ ਕਿਹਾ ਕਿ ਸਿੱਖਿਆ ਦਾ ਮਨੋਰਥ ਆਪਣੀ ਰਵਾਇਤ ਅਤੇ ਇਤਿਹਾਸ ਨਾਲ ਗੂੜ੍ਹੀ ਸਾਂਝ ਪੈਦਾ ਕਰਨਾ ਹੋਣਾ ਚਾਹੀਦਾ ਹੈ ।

ਇਸ ਮੌਕੇ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਕਲਾਤਮਕ ਵਿਰਸੇ ਨਾਲ ਜੋੜਨਾ ਹੈ । ਇਸ ਤਰ੍ਹਾਂ ਪੰਜਾਬ ਦੇ ਵਸਨੀਕਾਂ ਨੂੰ ਆਪਣੀ ਵਿਰਾਸਤ ਦੇ ਮਾਣਯੋਗ ਪਲਾਂ ਦਾ ਅਹਿਸਾਸ ਹੋ ਸਕੇਗਾ ।

ਉਹਨਾਂ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਸ਼ਲਾਘਾ ਦੇ ਸ਼ਬਦ ਕਹੇ । ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ । ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ।

ਇਸ ਮੌਕੇ ਇੰਚਾਰਜ਼ ਸੱਭਿਆਚਾਰਕ ਗਤੀਵਿਧੀਆਂ ਡਾ. ਜਸਵਿੰਦਰ ਕੌਰ ਬਰਾੜ, ਡਾ. ਕਮਲਦੀਪ ਸਿੰਘ ਸਾਂਘਾ, ਡਾ. ਨਿਲੇਸ਼ ਬਿਵਾਲਕਰ, ਡਾ. ਰੁਪਿੰਦਰ ਤੂਰ ਤੋਂ ਇਲਾਵਾ ਪੀ.ਏ.ਯੂ. ਦੇ ਅਮਲੇ ਦੇ ਹੋਰ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ ।

Facebook Comments

Trending