ਪੰਜਾਬੀ

101 ਨਵਜੰਮੀਆਂ ਬੱਚੀਆਂ ਨੂੰ ਸੂਟ, ਖਿਡੌਣੇ ਅਤੇ ਨਕਦ ਰਾਸ਼ੀ ਭੇਟ ਕਰਕੇ ਕੀਤਾ ਸਨਮਾਨਿਤ

Published

on

ਲੁਧਿਆਣਾ :   ਮਾਲਵਾ ਸਭਿਆਚਾਰਕ ਮੰਚ ਪੰਜਾਬ ਵਲੋਂ ਕਰਾਇਆ 28ਵਾਂ ਧੀਆਂ ਦਾ ਲੋਹੜੀ ਮੇਲਾ ਇਸ ਸੰਦੇਸ਼ ਨਾਲ ਸਮਾਪਤ ਹੋ ਗਿਆ ਕਿ ਲੜਕੀ ਅਤੇ ਲੜਕੇ ਦੇ ਜਨਮ ਵਿਚ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਮੁੰਡਿਆਂ ਵਾਂਗ ਹਰ ਸਾਲ ਕੁੜੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਈ ਜਾਵੇਗੀ।

ਮੰਚ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਮਹਿਲਾ ਵਿੰਗ ਦੀ ਪ੍ਧਾਨ ਬੀਬੀ ਬਰਜਿੰਦਰ ਕੌਰ, ਚੇਅਰਪਰਸਨ ਬੀਬੀ ਗੁਰਪ੍ਰੀਤ ਕੌਰ ਨੇ ਲੋਹੜੀ ਮੌਕੇ ਸਮਿ੍ਤੀ ਆਰੀਆ ਲਾਡੋ ਰਾਣੀ, ਮਾਈ ਭਾਗੋ ਐਵਾਰਡ, ਮੀਡੀਆ ਦੇ ਖੇਤਰ ਵਿਚ ਸੰਗ ਮਿੱਤਰਾ ਸਿੰਘ ਦੇਸ਼ ਭਗਤ ਰੇਡੀਓ, ਸਮਾਜ ਸੇਵਾ ਲਈ ਡਾ: ਅਨੰਤਜੀਤ ਕੌਰ ਚੁੱਘ ਨੂੰ ‘ਮਦਰ ਟੈਰੇਸਾ ਐਵਾਰਡ’, ਦਿਲਰੋਜ ਦੀ ਮਾਤਾ ਕਿਰਨ ਕੌਰ ਤੇ ਪਵਨੀਤ ਕੌਰ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ, ਜਦੋਂਕਿ ਪਰਵਾਸੀ ਪੰਜਾਬੀ ਤੇ ਮਹਾਨ ਸ਼ਹੀਦਾਂ ਦੇ ਇਤਿਹਾਸ ਨੂੰ ਸੰਭਾਲਣ ਵਾਲੇ ਅਸ਼ੋਕ ਬਾਵਾ ਨੂੰ ਸੋਹਣ ਸਿੰਘ ਭਕਨਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ 101 ਨਵਜੰਮੀਆਂ ਬੱਚੀਆਂ ਨੂੰ ਸੂਟ, ਖਿਡੌਣੇ ਅਤੇ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਰਹੀ ਲਾਡੋ ਰਾਣੀ ਨੇ ਸਨਮਾਨ ਮਿਲਣ ਤੋਂ ਬਾਅਦ ਭਾਵੁਕ ਹੋ ਕੇ ਕਿਹਾ ਕਿ ਉਹ ਇਹ ਸਨਮਾਨ ਉਨ੍ਹਾਂ ਕਿਸਾਨਾਂ ਨੂੰ ਸਮਰਪਿਤ ਕਰਦੀ ਹੈ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹਾਦਤ ਦਾ ਜਾਮ ਪੀਤਾ। ਸ੍ਰੀ ਬਾਵਾ ਅਤੇ ਕੌਂਸਲਰ ਬਰਜਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਰਿਸ਼ਤਿਆਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ, ਜਿਸ ਨੂੰ ਅਸੀਂ ਸਾਰੇ ਸ਼ਾਇਦ ਭੁੱਲ ਰਹੇ ਹਾਂ।

ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ ਦੀ ਦੇਖ-ਰੇਖ ਹੇਠ ਮੁਟਿਆਰਾਂ ਦਾ ਗਿੱਧਾ ਅਤੇ ਜਲਾਲਾਬਾਦ ਤੋਂ ਆਏ ਬਜ਼ੁਰਗਾਂ ਦੇ ਝੂਮਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਗਾਇਕੀ ਦੇ ਅਖਾੜੇ ਵਿਚ ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ। ਮੇਲੇ ਦਾ ਆਨੰਦ ਮਾਨਣ ਵਾਲੇ ਮੇਲਾ ਪ੍ਰੇਮੀਆਂ ਨੂੰ ਮੂੰਗਫਲੀ, ਰੇਉੜੀ ਅਤੇ ਮੂੰਗਫਲੀ ਵੰਡ ਕੇ ਧਿਆਨ ਦੀ ਲੋਹੜੀ ਮੇਲੇ ਦੀ ਖੁਸ਼ੀ ਸਾਂਝੀ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.