ਪੰਜਾਬੀ

ਕੂੜੇ ਦੀ ਲਿਫਟਿੰਗ ਨਾ ਕੀਤੇ ਜਾਣ ਕਾਰਨ ਸੈਕੰਡਰੀ ਪੁਆਇੰਟਾਂ ‘ਚ ਲੱਗੇ ਕੂੜੇ ਦੇ ਢੇਰ

Published

on

ਲੁਧਿਆਣਾ :ਹਰ ਸਾਲ ਕਰਵਾਏ ਜਾਂਦੇ ਸਵੱਛਤਾ ਸਰਵੇਖਣ ‘ਚ ਲੁਧਿਆਣਾ ਦੀ ਰੈਕਿੰਗ ਖਰਾਬ ਹੋਣ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਸ਼ਾਇਦ ਕੋਈ ਸਬਕ ਨਹੀਂ ਲਿਆ ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਤੋਂ ਕੂੜੇ ਦੀ ਲਿਫਟਿੰਗ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ।

ਨਗਰ ਨਿਗਮ ਦੇ ਇਕ ਅਧਿਕਾਰੀਅਨੁਸਾਰ ਸ਼ਹਿਰ ਵਿਚੋਂ ਨਿਕਲਦੇ ਰੋਜ਼ਾਨਾ ਕਰੀਬ 1100 ਟਨ ਕੂੜੇ ਦੀ ਸਾਂਭ ਸੰਭਾਲ ਲਈ 2011 ‘ਚ ਏ ਟੂ ਜੈਡ ਨਾਲ ਇਕਰਾਰਨਾਮਾ ਕੀਤਾ ਸੀ ਪਰ ਪਿਛਲੇ ਸਾਲ 4 ਫਰਵਰੀ ਨੂੰ ਕੰਪਨੀ ਨੇ ਤਹਿ ਸਮੇਂ ਵਿਚ ਅਦਾਇਗੀ ਨਾ ਕਰਨ ਤੇ ਅਧਿਕਾਰੀਆਂ ਵਲੋਂ ਕਥਿਤ ਤੌਰ ‘ਤੇ ਬੇਵਜ੍ਹਾ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਕੇ ਕੂੜੇ ਦੀ ਲਿਫਟਿੰਗ ਤੇ ਸਾਂਭ ਸੰਭਾਲ ਦਾ ਕੰਮ ਬੰਦ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤਹਿ ਰੇਟ ਤੋਂ ਕਰੀਬ 100 ਰੁਪਏ ਟਨ ਵੱਧ ਰੇਟ ‘ਤੇ ਇਕ ਹੋਰ ਨਿੱਜੀ ਕੰਪਨੀ ਨੂੰ ਕੂੜੇ ਦੀ ਲਿਫਟਿੰਗ ਕਰਨ ਦਾ ਠੇਕਾ ਦਿੱਤਾ ਗਿਆ ਸੀ ਜਿਸ ਵਲੋਂ ਸ਼ਹਿਰ ‘ਚੋਂ ਤਹਿ ਸਮੇਂ ‘ਤੇ ਕੂੜੇ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅਕਸਰ ਸੜਕ ਕਿਨਾਰੇ ਤੇ ਸੈਕੰਡਰੀ ਪੁਆਇੰਟਾਂ ਦੇ ਬਾਹਰ ਤੱਕ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ। ਹੁਣ ਸਵੱਛਤਾ ਸਰਵੇਖਣ 2022 ਤਹਿਤ ਨੇੜੇ ਭਵਿੱਖ ‘ਚ ਕੇਂਦਰੀ ਟੀਮਾਂ ਵਲੋਂ ਸ਼ਹਿਰ ਦਾ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ।

ਜੇਕਰ ਕੂੜੇ ਦੀ ਲਿਫਟਿੰਗ ਤੇ ਸਾਂਭ ਸੰਭਾਲ ਦਾ ਪੁਖਤਾ ਪ੍ਰਬੰਧ ਪ੍ਰਸ਼ਾਸਨ ਵਲੋਂ ਨਾ ਕੀਤਾ ਗਿਆ ਤਾਂ ਸ਼ਹਿਰ ਦੀ ਰੈਕਿੰਗ ‘ਚ ਸੁਧਾਰ ਹੋਣਾ ਮੁਸ਼ਕਿਲ ਹੈ। ਇਸ ਸਬੰਧੀ ਸੰਪਰਕ ਕਰਨ ‘ਤੇ ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਕੂੜੇ ਦੀ ਲਿਫਟਿੰਗ ਤੇ ਸਾਂਭ ਸੰਭਾਲ ਲਈ ਦੋ ਵਾਰ ਟੈਂਡਰ ਮੰਗੇ ਗਏ ਹਨ ਪਰ ਸਫਲ ਨਹੀਂ ਹੋ ਸਕੇ।

Facebook Comments

Trending

Copyright © 2020 Ludhiana Live Media - All Rights Reserved.