Connect with us

ਪੰਜਾਬੀ

ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਪਰਾਲੀ ਨਾ-ਸਾੜਨ ਲਈ ਕੀਤਾ ਪ੍ਰੇਰਿਤ

Published

on

Farmers were warned about the harmful effects of stubble burning and encouraged not to burn stubble

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਐੱਨ.ਐੱਸ.ਐੱਸ ਯੂਨਿਟਾਂ (ਲੜਕੇ ਤੇ ਲੜਕੀਆਂ) ਦੇ ਵਲੰਟੀਅਰਾਂ ਵਲੋਂ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਨੂੰ ਰੋਕਣ ਲਈ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ।

ਇਸ ਮੁਹਿੰਮ ਤਹਿਤ ਵਲੰਟੀਅਰਾਂ ਨੇ ਇਲਾਕੇ ਦੇ ਲਗਭਗ ਦਸ ਪਿੰਡਾਂ ਦਾ ਦੌਰਾ ਕਰਕੇ ਛੇ ਸੌ ਦੇ ਕਰੀਬ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਅੱਗੇ ਤੋਂ ਪਰਾਲੀ ਨਾ-ਸਾੜਨ ਲਈ ਪ੍ਰੇਰਿਆ।

ਦਸਤਖਤ ਮੁਹਿੰਮ ਦੇ ਰੂਪ ਵਿਚ ਚੱਲੇ ਇਸ ਜਾਗਰੂਕਤਾ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਾਡੀ ਇਹ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਅਸੀਂ ਲੋਕਾਂ ਨੂੰ ਸਮਾਜਕ ਸਮੱਸਿਆਵਾਂ ਪ੍ਰਤੀ ਵੀ ਸੁਚੇਤ ਕਰੀਏ। ਵਾਤਾਵਰਣ ਵਿਗਿਆਨੀ ਪਰਾਲੀ ਦੇ ਸਾੜਨ ਕਾਰਨ ਭਵਿੱਖ ਵਿਚ ਸਾਹ ਸਮੱਸਿਆ ਦੇ ਵਾਧੇ ਦੀ ਭਵਿੱਖ ਬਾਣੀ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਐੱਨ.ਐੱਸ.ਐੱਸ ਯੂਨਿਟਾਂ ਦੁਆਰਾ ਚਲਾਈ ਗਈ ਇਹ ਮੁਹਿੰਮ ਬੇਹੱਦ ਸ਼ਲਾਘਾਯੋਗ ਹੈ।

ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿਚ ਕਾਰਜਸ਼ੀਲ ਇਹ ਯੂਨਿਟ ਲਗਾਤਾਰ ਅਜਿਹੇ ਪ੍ਰੋਗਰਾਮ ਕਰਵਾ ਰਹੇ ਹਨ। ਕੁੱਝ ਦਿਨ ਪਹਿਲਾਂ ਵੀ ਇਨ੍ਹਾਂ ਯੂਨਿਟਾਂ ਵਲੋਂ ਮਹਾਤਮਾ ਗਾਂਧੀ ਜੀ ਵਲੋਂ ਦਰਸਾਏ ਅਹਿੰਸਾ ਦੇ ਮਾਰਗ ’ਤੇ ਚੱਲਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਹੋਰਨਾਂ ਸਮੇਤ ਪ੍ਰੋ. ਪਵਨਵੀਰ ਸਿੰਘ, ਡਾ. ਰਾਜੇਸ਼ ਕੁਮਾਰ, ਪ੍ਰੋ. ਵਿਸ਼ਵਪ੍ਰੀਤ ਕੌਰ ਤੇ ਪ੍ਰੋ. ਕੰਵਲਜੀਤ ਕੌਰ ਹਾਜਰ ਸਨ।

Facebook Comments

Trending