ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਵਾਤਾਵਰਣ ਚੇਤਨਾ ਲਹਿਰ ਵੱਲੋਂ ਲੋਕਾਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਇਸ ਮੌਕੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ,ਪਦਮ ਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ, ਸ. ਕਾਹਨ ਸਿੰਘ ਪੰਨੂ ਆਈ ਏ ਐਸ ,ਪਦਮ ਭੂਸ਼ਨ ਇੰਦਰਜੀਤ ਕੌਰ ਪਿੰਗਲਵਾੜਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਰਗੀਆਂ ਮਹਾਨ ਸਖਸ਼ੀਅਤਾਂ ਦੀ ਯੋਗ ਅਗਵਾਈ ਹੇਠ ਪੰਜਾਬ ਵਾਤਾਵਰਨ ਲੋਕ ਸੰਮੇਲਨ ਦੀ ਇੱਕਤਰਤਾ ਹੋਈ।
ਇਸ ਵਾਤਾਵਰਨ ਸੰਮੇਲਨ ਵਿਚ ਇਹਨਾਂ ਸਖਸ਼ੀਅਤਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਵਾਤਾਵਰਨ ਨੂੰ ਮੁੱਖ ਮੁੱਦਾ ਬਣਾਉਣ ਦੀ ਮੰਗ ਕੀਤੀ ਇਸ ਲਈ ਪੰਜਾਬ ਲੋਕ ਚੇਤਨਾ ਲਹਿਰ ਨੇ ਵਿਧਾਨ ਸਭਾ ਚੋਣਾ ਲਈ ਲੋਕਾਂ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਰਾਜ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਅਜਿਹੇ ਚੋਣ ਮਨੋਰਥ ਪੱਤਰ ਪੇਸ਼ ਕਰਨ ਜਿਸ ਦੇ ਨਾਲ ਪੰਜਾਬ ਦੇ ਵਾਤਾਵਰਨ ਦੀ ਸੁਰੱਖਿਆ ਕੀਤੀ ਜਾ ਸਕੇ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਇਸ ਮੌਕੇ ਅਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਸ ਦੇ ਹਵਾ ਪਾਣੀ ਧਰਤੀ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ , ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਬੱਤ ਦੇ ਭਲੇ ਲਈ ਕੀਤੇ ਜਾਣ ਵਾਲੇ ਕਾਰਜ ਵਿੱਚ ਸਾਡਾ ਸਾਥ ਦੇਣ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਮਿਸ਼ਨ 2022 ਨੂੰ ਕੇਵਲ ਸੱਤਾ ਹਾਸਲ ਕਰਨ ਲਈ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਲਈ ਤੰਦਰੁਸਤੀ ਭਰਿਆ ਜੀਵਨ ਜਿਉਣ ਲਈ ਅਜਿਹੀਆਂ ਨੀਤੀਆਂ ਬਣਾਉਣ ਜਿਸ ਵਿੱਚ ਵਾਤਾਵਰਨ ਦੀ ਸੰਭਾਲ ਹੋ ਸਕੇ।
ਇਸ ਮੌਕੇ ਬੀਬੀ ਇੰਦਰਜੀਤ ਕੌਰ (ਪਿੰਗਲਵਾੜਾ ਅਮ੍ਰਿਤਸਰ) ਨੇ ਕਿਹਾ ਕਿ ਵਾਤਾਵਰਨ ਸੰਭਾਲ ਸਭ ਤੋਂ ਪਹਿਲਾ ਮਹੱਤਵਪੂਰਨ ਮੁੱਦਾ ਹੋਣਾ ਚਾਹੀਦਾ ਹੈ ਕਿਉਕਿ ਦੂਸ਼ਿਤ ਵਾਤਾਵਰਨ ਵਿੱਚ ਚੰਗੀ ਸਿਹਤ ਨਾਲ ਜਿਉਣਾ ਅਸੰਭਵ ਹੈ। ਕਾਹਨ ਸਿੰਘ ਪੰਨੂੰ ਜੀ ਨੇ ਅਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਅੱਜ ਦੇ ਸਮੇਂ ਪੰਜਾਬ ਦੇ ਵਾਤਾਵਰਨ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਹੀ ਦਿਸ਼ਾ ਵੱਲ ਕਦਮ ਚੁੱਕਣੇ ਚਾਹੀਦੇ ਹਨ।
ਸ. ਗੁਰਪ੍ਰੀਤ ਸਿੰਘ ਚੰਦ ਬਾਜਾ ਨੇ ਕਿਹਾ ਕਿ ਅੱਜ ਪੰਜਾਬ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ ਲੋੜ ਹੈ ਕਿ ਪੰਜਾਬ ਦੀ ਧਰਤੀ ਦੇ ਪਾਣੀ ਨੂੰ ਜਹਿਰੀਲਾ ਨਾ ਹੋਣ ਦੇਈਏ ਤੇ ਪੰਜਾਬ ਨੂੰ ਕੈਂਸਰ ਮੁਕਤ ਕਰੀਏ। ਸ. ਜਸਕੀਰਤ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਨੂੰ ਭੁੱਲ ਰਹੇ ਹਾਂ ਇਸ ਲਈ ਅੱਜ ਸਾਨੂੰ ਅਜਿਹੇ ਸੰਮੇਲਨ ਕਰਨ ਦੀ ਲੋੜ ਪਈ ਹੈ, ਅਸੀਂ ਆਉਣ ਵਾਲੇ ਸਮੇਂ ਲਈ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਵਾਤਾਵਰਨ ਸੰਭਾਲ ਲਈ ਸਖਤ ਕਦਮ ਚੁੱਕਣ।
ਇਸ ਸੰਮੇਲਨ ਵਿੱਚ ਗੁਰਪ੍ਰੀਤ ਸਿੰਘ ਚੰਦ ਬਾਜਾ ਪ੍ਰਧਾਨ ਭਾਈ ਘਨ੍ਹਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ, ਰਣਜੀਤ ਸਿੰਘ, ਇੰ. ਕਪਿਲ ਅਰੋੜਾ, ਗੁਰਵਿੰਦਰ ਸਿੰਘ ਬਾਜਵਾ ਇੰ. ਜਸਕੀਰਤ ਸਿੰਘ , ਸੰਤ ਗਿਆਨੀ ਗੁਰਮੀਤ ਸਿੰਘ ਖੋਸੀਆ ਵਾਲੇ, ਓਮੇਂਦਰ ਦੱਤ, ਡਾ. ਅਮਨਦੀਪ ਸਿੰਘ ਬੈਂਸ ਐਡਵੋਕੇਟ ਜਸਵਿੰਦਰ ਸਿੰਘ ,ਮਹਿੰਦਰਪਾਲ ਸਿੰਘ ਲੁੰਭਾ ,ਡਾ. ਅਮਰਜੀਤ ਸਿੰਘ ਮਾਨ ਡਾ. ਗੁਰਚਰਨ ਸਿੰਘ ਨੂਰਪੁਰ ਅਤੇ ਹੋਰ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਅੰਤ ਵਿੱਚ ਸ. ਰਣਜੋਧ ਸਿੰਘ ਨੇ ਸੰਮੇਲਨ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।