Connect with us

ਪੰਜਾਬੀ

 58ਵੀਂ ਅਲੂਮਨੀ ਮੀਟ ਵਿੱਚ ਦੇਸ਼-ਵਿਦੇਸ਼ ਤੋਂ ਸਾਬਕਾ ਵਿਦਿਆਰਥੀ ਹੋਏ ਸ਼ਾਮਿਲ 

Published

on

Alumni from abroad participated in the 58th Alumni Meet
ਲੁਧਿਆਣਾ : ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੀ 58ਵੀਂ ਅਲੂਮਨੀ ਮੀਟ ਧੂਮਧਾਮ ਨਾਲ ਮਨਾਈ ਗਈ | ਇਸ ਮੀਟ ਵਿੱਚ ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ ਪੁਰਾਣੇ ਅਹੁਦੇਦਾਰ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ | ਸਭ ਤੋਂ ਵਡੇਰੀ ਉਮਰ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਡਾ. ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਇਸ ਮੀਟ ਵਿੱਚ ਸ਼ਾਮਿਲ ਹੋਏ |
ਡਾ. ਜੌਹਲ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਖੇਤੀਬਾੜੀ ਕਾਲਜ ਦੀ ਮਹੱਤਤਾ ਦਾ ਜ਼ਿਕਰ ਕੀਤਾ | ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਸਥਾਪਨਾ ਇਸੇ ਕਾਲਜ ਦੇ ਰੂਪ ਵਿੱਚ ਹੋਈ ਸੀ ਇਸਲਈ ਇਹ ਕਾਲਜ ਬਹੁਤ ਮਹੱਤਵਪੂਰਨ ਹੈ | ਉਹਨਾਂ ਨੇ ਇਸ ਮੀਟ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬੁਲਾਉਣ ਲਈ ਧੰਨਵਾਦ ਪ੍ਰਗਟ ਕੀਤਾ | ਉਹਨਾਂ ਨੇ ਕਿਹਾ ਕਿ ਇਸ ਕਾਲਜ ਵਿੱਚ ਪੜੇ ਵਿਦਿਆਰਥੀ ਕਦੇ ਵੀ ਇਸ ਕਾਲਜ ਨੂੰ ਭੁੱਲ ਨਹੀਂ ਸਕਦੇ ਇਹੀ ਖੇਤੀਬਾੜੀ ਕਾਲਜ ਦਾ ਪਿਆਰ ਅਤੇ ਸ਼ਕਤੀ ਹੈ |
ਡਾ. ਜੌਹਲ ਨੇ ਕਿਹਾ ਕਿ ਇਸ ਕਾਲਜ ਤੋਂ ਹਾਸਲ ਕੀਤਾ ਗਿਆਨ ਉਹਨਾਂ ਨੂੰ ਜ਼ਿੰਦਗੀ ਦੇ ਹਰ ਮੋੜ ਤੇ ਸਹਾਈ ਹੋਇਆ | ਨਾਲ ਹੀ ਉਹਨਾਂ ਦੇ ਵਿਦਿਆਰਥੀ ਵੀ ਇਸੇ ਭਾਵਨਾ ਨਾਲ ਜੁੜੇ ਰਹੇ ਹਨ | ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਜੋ ਸੇਵਾ ਪੂਰੀ ਦੁਨੀਆਂ ਵਿੱਚ ਖੇਤੀ ਖੇਤਰ ਦੀ ਕੀਤੀ ਉਸਦੀ ਮਿਸਾਲ ਲੱਭਣੀ ਮੁਸ਼ਕਿਲ ਹੈ | ਡਾ. ਜੌਹਲ ਨੇ ਸਾਬਕਾ ਵਿਦਿਆਰਥੀਆਂ ਨੂੰ ਹੋਰ ਸ਼ਿੱਦਤ ਨਾਲ ਇਸ ਕਾਲਜ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ |
ਇਸ ਮੌਕੇ ਕਾਲਜ ਦੇ ਉਹਨਾਂ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਉੱਚੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਡਾ. ਮਿਲਖਾ ਸਿੰਘ ਔਲਖ, ਡਾ. ਨਛੱਤਰ ਸਿੰਘ ਮੱਲੀ, ਡਾ. ਜੇ ਪੀ ਸਿੰਘ, ਡਾ. ਕ੍ਰਿਪਾਲ ਸਿੰਘ ਔਲਖ, ਡਾ. ਜੀ ਐੱਸ ਨੰਦਾ, ਡਾ. ਐੱਸ ਐੱਸ ਚਾਹਲ, ਡਾ. ਐੱਸ ਐੱਸ ਬੈਂਸ, ਡਾ. ਪੁਸ਼ਪਿੰਦਰ ਸਿੰਘ ਔਲਖ, ਡਾ. ਰਣਵੀਰ ਸਿੰਘ ਗਿੱਲ, ਨਵਤੇਜ ਸਿੰਘ ਬੈਂਸ ਪ੍ਰਮੁੱਖ ਹਨ |
ਇਸ ਸਮਾਮਗ ਵਿੱਚ ਕਾਲਜ ਦੇ ਮੌਜੂਦਾ ਵਿਦਿਆਰਥੀਆਂ ਨੇ ਲੰਮੀ ਹੇਕ ਵਾਲੇ ਗੀਤ, ਭੰਡ, ਗਿੱਧਾ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਇਲਾਵਾ ਡਾ. ਸਰਜੀਤ ਸਿੰਘ ਗਿੱਲ, ਡਾ. ਰਣਜੀਤ ਸਿੰਘ ਤਾਂਬੜ, ਡਾ. ਗੁਰਦੇਵ ਸਿੰਘ ਸੰਧੂ ਅਤੇ ਡਾ. ਅਬਦੁਲ ਕਯੂਮ, ਤਰਸੇਮ ਬੱਗਾ ਦੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ | ਡਾ. ਗੁਰਦੇਵ ਸਿੰਘ ਸੰਧੂ ਦੀ ਕਿਤਾਬ ਅਲੂਮਨੀ ਨਜ਼ਮਾਂ ਵੀ ਡਾ. ਸਰਦਾਰਾ ਸਿੰਘ ਜੌਹਲ ਨੇ ਰਿਲੀਜ਼ ਕੀਤੀ
 ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੇ ਕਾਲਜ ਦੇ ਵਿਦਿਆਰਥੀਆਂ ਨੂੰ ਸਾਬਕਾ ਵਿਦਿਆਰਥੀਆਂ ਨੇ ਸਨਮਾਨਿਤ ਕੀਤਾ | ਸ਼ੁਰੂਆਤ ਵਿੱਚ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ | ਡਾ. ਗਿੱਲ ਨੇ ਇਸ ਸਲਾਨਾ ਸਮਾਗਮ ਨੂੰ ਕਾਲਜ ਦੁਆਰਾ ਕਰਵਾਇਆ ਜਾਣ ਵਾਲਾ ਵਿਸ਼ੇਸ਼ ਕਾਰਜ ਕਿਹਾ ਅਤੇ ਉਹਨਾਂ ਨੇ ਸਾਬਕਾ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੂੰ ਅਗਵਾਈ ਕਰਦੇ ਰਹਿਣ ਅਤੇ ਕਾਲਜ ਨਾਲ ਜੁੜੇ ਰਹਿਣ ਲਈ ਕਿਹਾ |
ਡਾ. ਜੌਹਲ ਨੇ ਕਾਲਜ ਦਾ ਸੋਵੀਨਰ ਰਿਲੀਜ਼ ਕੀਤਾ| ਸ਼ੁਰੂਆਤ ਵਿੱਚ ਹੀ ਵਿਛੜ ਗਈਆਂ ਰੂਹਾਂ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ | ਅੰਤ ਵਿੱਚ ਅਲੂਮਨੀ ਐਸੋਸੀਏਸ਼ਨ ਦੇ ਸਕੱਤਰ ਡਾ. ਚਰਨਜੀਤ ਸਿੰਘ ਔਲਖ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ |

Facebook Comments

Trending