Connect with us

ਪੰਜਾਬੀ

ਜੀ ਜੀ ਐਨ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਵਲੋਂ ਲਿਖੀ ਗਈ ਪੁਸਤਕ ਗਵਰਨਰ ਵਲੋਂ ਰਿਲੀਜ਼

Published

on

A book written by the Principal of GGN Khalsa College was released by the Governor
 ਲੁਧਿਆਣਾ :  ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਮੁੱਚੇ ਸੰਸਾਰ ਨੂੰ ਦਿਤੇ ਗਏ  ਸਰਵਸਾਂਝੀਵਾਲਤਾ,  ਮਨੁੱਖੀ ਏਕਤਾ, ਆਪਸੀ ਪਿਆਰ, ਵਿਸ਼ਵ ਸ਼ਾਂਤੀ,  ਪ੍ਰਸਪਰ ਸਹਿਯੋਗ ਤੇ ਪਰਉਪਕਾਰਤਾ ਦੇ ਇਲਾਹੀ ਸੰਦੇਸ਼  ਨੂੰ ਨੌਜਵਾਨ ਪੀੜ੍ਹੀ ਤੱਕ ਪਹੁਚਾਉਣ ਦੇ ਮੰਤਵ ਨਾਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ‘ਗੁਰੂ ਨਾਨਕ ਦੇ ਬਹੁਸਭਿਆਚਾਰਕ ਸਮਾਜ ਅਤੇ ਸ਼ਾਂਤਮਈ ਸਹਿਹੋਦ ਦੇ ਸੰਕਲਪ’ ਵਿਸ਼ੇ ਉਪਰ ਲਿਖੀ ਗਈ ਪੁਸਤਕ  ਪੰਜਾਬ ਦੇ ਗਵਰਨਰ ਮਾਣਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਲੋਕ ਅਰਪਿਤ ਕੀਤੀ ਗਈ ।
ਇਸ ਮੌਕੇ ਉਪਰ ਪੰਜਾਬ ਦੇ ਮਾਣਯੋਗ ਗਵਰਨਰ  ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਡਾ. ਅਰਵਿੰਦਰ ਸਿੰਘ ਭੱਲਾ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਦੇ ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਪਹਿਲੂਆਂ ਉਪਰ ਨਿਰੰਤਰ ਖੋਜ ਕਰ ਰਹੇ ਹਨ ।
 ਉਹਨਾਂ ਦੀ ਇਹ ਪੁਸਤਕ ਨਿਸ਼ਚਿਤ ਰੂਪ ਵਿਚ ਅਜੋਕੇ ਸਮੇਂ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਏ ਜਾਤ, ਧਰਮ, ਰੰਗ, ਰੂਪ, ਭਾਸ਼ਾ, ਖਿੱਤੇ ਆਦਿ ਦੇ ਅਧਾਰ ਉਤੇ ਕੀਤੇ ਜਾਂਦੇ ਭੇਦਭਾਵਾਂ ਨਾਲ ਜੁੜੀਆਂ ਸਮਸਿਆਵਾਂ ਦਾ ਸਦੀਵੀਂ ਹੱਲ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਗਏ ਮਾਰਗ ਉਪਰ ਚਲਣ ਲਈ ਸਾਨੂੰ ਸਭ ਨੂੰ ਪ੍ਰੇਰਿਤ ਕਰੇਗੀ । ਉਹਨਾਂ ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਦੀ  ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਡਾ. ਭੱਲਾ ਦੀ ਪੁਸਤਕ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਅਤੇ ਬਾਣੀ ਉਪਰ ਖੋਜ ਕਾਰਜਾਂ ਨਾਲ ਜੁੜੇ ਹੋਏ ਸਮੂਹ ਵਿਦਵਾਨਾਂ ਅਤੇ ਖੋਜ ਵਿਦਿਆਰਥੀਆਂ ਲਈ ਵੀ ਬੇਹੱਦ ਸਾਰਥਕ ਸਿੱਧ ਹੋਵੇਗੀ ।
ਡਾ. ਭੱਲਾ ਨੇ ਆਪਣੀ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਤੋਂ 552 ਵਰ੍ਹੇ ਪਹਿਲਾਂ ਮਨੁੱਖੀ ਸਵੈਮਾਣ ਤੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨ; ਭਾਈਚਾਰਕ ਸਾਂਝ ਤੇ ਵਿਸ਼ਵ ਸ਼ਾਂਤੀ ਕਾਇਮ ਕਰਨ;  ਸਮਾਜਿਕ-ਸਭਿਆਚਾਰਕ ਭਿੰਨਤਾਵਾਂ ਨੂੰ  ਖੁੱਲੇ ਦਿਲ ਨਾਲ ਸਵੀਕਾਰ ਕਰਨ; ਅਤੇ ਮਨੁੱਖੀ ਏਕਤਾ ਤੇ ਰੱਬੀ ਏਕਤਾ ਦੇ ਸੰਕਲਪ ਰਾਹੀਂ  ਬਹੁ-ਸਭਿਆਚਾਰਕ ਸਮਾਜ ਕਾਇਮ ਕਰਨ ਅਤੇ ਸ਼ਾਂਤਮਈ  ਸਹਿਹੋਦ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਸਾਨੀ ਤੇ ਕ੍ਰਾਂਤੀਕਾਰੀ ਸੰਦੇਸ਼ ਦੇਕੇ ਇਕ ਅਜਿਹੇ ਬਹੁਸਭਿਆਚਾਰਕ ਸਮਾਜ ਦਾ ਸੰਕਲਪ ਪੇਸ਼ ਕੀਤਾ, ਜਿਥੇ ਹਰੇਕ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਤੇ ਬਿਨਾਂ ਕਿਸੇ ਭੇਦ-ਭਾਵ ਦੇ ਜੀਵਨ ਦੇ ਹਰ ਖੇਤਰ ਵਿਚ ਵਿਚ ਵਿਕਾਸ ਦੇ ਬਰਾਬਰ ਮੌਕੇ ਪ੍ਰਾਪਤ ਹੋਣ ਅਤੇ ਸਮਾਜਿਕ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਅਤੇ ਮਨੁੱਖੀ ਸਵੈਮਾਣ ਦਾ ਸਤਿਕਾਰ ਹੋਵੇ ।

Facebook Comments

Trending