Connect with us

ਧਰਮ

ਮੁੱਖ ਮੰਤਰੀ ਚੰਨੀ ਵੱਲੋਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਕੀਤਾ ਐਲਾਨ

Published

on

Chief Minister Channy announces to celebrate Shri Krishna Balram Rath Yatra as 'Raj Utsav'

ਲੁਧਿਆਣਾ :   ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕਾਂ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ ਅਤੇ ਸ. ਕੁਲਦੀਪ ਸਿੰਘ ਵੈਦ ਅਤੇ ਵੱਖ-ਵੱਖ ਉੱਘੀਆਂ ਸਖਸ਼ੀਅਤਾਂ ਦੇ ਨਾਲ ਮੁੱਖ ਮੰਤਰੀ ਰੱਥ ਯਾਤਰਾ ਮੌਕੇ ਨਤਮਸਤਕ ਹੋਏ। ਇਸ ਮੌਕੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਦੇ ਇਸਕਾਨ ਮੰਦਿਰ ਲਈ 2.51 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਸ੍ਰੀ ਦੁਰਗਾ ਮਾਤਾ ਮੰਦਰ ਨੇੜੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਚੰਨੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸਤਿਕਾਰ ਵਜੋਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਸ੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਇਆ ਜਾਵੇਗਾ। ਭਗਵਤ ਗੀਤਾ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਲਗਭਗ 25 ਸਾਲ ਪਹਿਲਾਂ ਕੌਂਸਲਰ ਬਣੇ ਸਨ ਤਾਂ ਇੱਕ ਨੇਕ ਰੂਹ ਨੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਲਈ ਪਵਿੱਤਰ ਭਗਵਦ ਗੀਤਾ ਦਾ ਇੱਕ ਸਲੋਕ ਹਰ ਰੋਜ਼ ਪੜ੍ਹਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਗੀਤਾ ਨੇ ਉਨ੍ਹਾਂ ਦੇ ਜੀਵਨ ਨੂੰ ਸੇਧ ਦਿੱਤੀ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ 20 ਏਕੜ ਜ਼ਮੀਨ ‘ਤੇ ਸ੍ਰੀ ਭਗਵਦ ਗੀਤਾ ਅਤੇ ਰਾਮਾਇਣ ਖੋਜ ਕੇਂਦਰ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਗੀਤਾ ਪ੍ਰੇਰਨਾ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਸਾਨੂੰ ਸਾਡੇ ਜੀਵਨ ਦੀ ਬਿਹਤਰੀ ਵੱਲ ਸੇਧ ਦਿੰਦੀ ਹੈ। ਉਨ੍ਹਾਂ ਕਿਹਾ ਕਿ “ਰਾਮਾਇਣ, ਮਹਾਭਾਰਤ ਅਤੇ ਭਗਵਦ ਗੀਤਾ ਦੇ ਮਹਾਂਕਾਵਿ ਗ੍ਰੰਥਾਂ ਵਿੱਚ ਗਿਆਨ ਦੁਆਰਾ ਸਾਡੇ ਵਿਵੇਕ ਵਿੱਚ ਹੋਰ ਵਾਧਾ ਕਰਨ ਲਈ, ਪਟਿਆਲਾ ਵਿੱਚ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਵੱਲੋਂ 25ਵੀਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸ਼੍ਰੀ ਕ੍ਰਿਸ਼ਨ ਬਲਰਾਮ ਰਥ ਯਾਤਰਾ ਦੇ ਪ੍ਰਬੰਧਕਾਂ ਨਾਲ ਆਪਣੀ ਸਾਂਝ ਨੂੰ ਯਾਦ ਕੀਤਾ। ਉਨ੍ਹਾਂ ਕਿਹਾ “ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਸਮਾਗਮ ਨਾਲ 1996 ਤੋਂ ਜੁੜਿਆ ਹੋਇਆ ਹਾਂ, ਜਦੋਂ ਮੈਂ ਨਗਰ ਕੌਂਸਲਰ ਸੀ।”

ਉਨ੍ਹਾਂ ਕਿਹਾ ਕਿ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਕੱਢੀ ਜਾ ਰਹੀ ਇਸ ਰੱਥ ਯਾਤਰਾ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਪੀ.ਐਮ.ਆਈ.ਡੀ.ਬੀ ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Facebook Comments

Advertisement

Trending