ਅਪਰਾਧ
ਔਰਤਾਂ ਦੇ ਪਰਸ ਵੇਚਣ ਵਾਲਾ ਨਿਕਲਿਆ ਨਸ਼ਾ ਤਸਕਰ, ਡੇਢ ਕਿੱਲੋ ਅਫ਼ੀਮ ਬਰਾਮਦ
Published
3 years agoon

ਲੁਧਿਆਣਾ : ਪੁਲਿਸ ਨੇ ਲੁਧਿਆਣਾ ‘ਚ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਨਸ਼ਾ ਤਸਕਰ ਦਾ ਔਰਤਾਂ ਦੇ ਪਰਸ ਵੇਚਣ ਦਾ ਕਾਰੋਬਾਰ ਹੈ। ਉਹ ਦਿਨ ਵੇਲੇ ਔਰਤਾਂ ਦੇ ਪਰਸ ਵੇਚਣ ਅਤੇ ਰਾਤ ਸਮੇਂ ਨਸ਼ੇ ਦੀ ਤਸਕਰੀ ਕਰਨ ਦਾ ਧੰਦਾ ਕਰਦਾ ਸੀ।
ਪੁਲਸ ਵੱਲੋਂ ਨਾਕਾਬੰਦੀ ਦੌਰਾਨ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਕੋਲੋਂ ਭਾਰੀ ਮਾਤਰਾ ‘ਚ ਅਫੀਮ ਬਰਾਮਦ ਹੋਈ ਹੈ। ਜ਼ੋਨ-2 ਦੇ ਸਹਾਇਕ ਪੁਲਸ ਕਮਿਸ਼ਨਰ ਦੀਪ ਕਮਲ, ਸਹਾਇਕ ਪੁਲਸ ਕਮਿਸ਼ਨਰ ਦੇਹਾਤ ਬਲਵਿੰਦਰ ਰੰਧਾਵਾ ਅਤੇ ਥਾਣਾ ਦੁੱਗਰੀ ਦੇ ਐੱਸ ਐੱਚ ਓ ਨੀਰਜ ਚੌਧਰੀ ਨੇ ਦੱਸਿਆ ਕਿ ਪੁਲ ਨਹਿਰ ਪੱਖੋਵਾਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਆਇਆ। ਪੁਲਸ ਨੂੰ ਦੇਖ ਕੇ ਉਹ ਮੁੜਨ ਲੱਗਾ ਪਰ ਮੌਕੇ ਤੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਹੋਈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁਲਜ਼ਮ ਦੀ ਪਛਾਣ ਮਾਡਲ ਹਾਊਸ ਦੇ ਰਹਿਣ ਵਾਲੇ ਚਰਨਜੀਤ ਸਿੰਘ ਵਜੋਂ ਹੋਈ ਹੈ। ਦੋਸ਼ੀ ਖੁਦ ਅਫੀਮ ਖਾਂਦਾ ਹੈ। ਉਸ ਨੇ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਅਫੀਮ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਦੁਕਾਨ ਗੁੜ ਮੰਡੀ ‘ਚ ਹੈ, ਜਿਥੇ ਉਹ ਸਿਰਫ ਔਰਤ ਦਾ ਪਰਸ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਅਫੀਮ ਸਮੇਤ 45,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।