ਲੁਧਿਆਣਾ : ਲੁਧਿਆਣਾ ਦੇ ਦੁੱਗਰੀ ਫੇਸ-2 ਸਥਿਤ ਨਿੱਜੀ ਸਕੂਲ ਦੇ ਬਾਹਰ ਖੜ੍ਹੀ ਬੈਂਕ ਮੈਨੇਜਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰਾਂ ਨੇ ਉਸ ਵਿਚ ਪਿਆ ਬੈਗ ਚੋਰੀ ਕਰ ਲਿਆ। ਬੈਗ ‘ਚ ਡੇਢ ਲੱਖ ਰੁਪਏ ਦੀ ਨਕਦੀ, ਸੋਨੇ ਦਾ ਕੜਾ ਅਤੇ ਹੋਰ ਜ਼ਰੂਰੀ ਸਾਮਾਨ ਸੀ। ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਪੁਲਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੱਖੋਵਾਲ ਰੋਡ ਸਥਿਤ ਛਾਬੜਾ ਕਾਲੋਨੀ ਦੇ ਨਿਰਵਾਣਾ ਹੋਮਜ਼ ਵਾਸੀ ਤਰਨਪ੍ਰੀਤ ਮੈਨਰੋ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ‘ਚ ਔਰਤ ਨੇ ਕਿਹਾ ਕਿ ਉਹ ਮਾਡਲ ਟਾਊਨ ਦੇ ਯੈੱਸ ਬੈਂਕ ‘ਚ ਬਤੌਰ ਮੈਨੇਜਰ ਕੰਮ ਕਰਦੀ ਹੈ। ਬੁੱਧਵਾਰ ਦੁਪਹਿਰ ਉਹ ਆਪਣੀ ਬੇਟੀ ਨੂੰ ਲੈਣ ਲਈ ਦੁੱਗਰੀ ਫੇਸ-2 ਸਥਿਤ ਸਕੂਲ ਗਈ ਸੀ। ਦੁਪਹਿਰ 2.45 ਵਜੇ, ਉਸਨੇ ਆਪਣੀ ਮਹਿੰਦਰਾ ਥਾਰ ਕਾਰ ਬਾਹਰ ਖੜ੍ਹੀ ਕੀਤੀ ਅਤੇ ਸਕੂਲ ਚਲੀ ਗਈ। ਕੁਝ ਸਮੇਂ ਬਾਅਦ, ਜਦੋਂ ਉਹ 3.15 a.m ‘ਤੇ ਵਾਪਸ ਆਈ, ਤਾਂ ਉਸਨੇ ਦੇਖਿਆ ਕਿ ਥਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ।
ਬੈਗ ਚ ਡੇਢ ਲੱਖ ਰੁਪਏ ਨਕਦ, ਸੋਨੇ ਦਾ ਬਰੇਸਲੈੱਟ, ਏ ਟੀ ਐੱਮ ਕਾਰਡ, ਡਰਾਈਵਿੰਗ ਲਾਇਸੈਂਸ, ਸੀ ਐੱਸ ਡੀ ਕੰਟੀਨ ਕਾਰਡ, ਬੈਂਕ ਦੀ ਚਾਬੀ, ਲਾਕਰ ਦੀ ਚਾਬੀ, ਚੈੱਕਬੁੱਕ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਦਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਥਾਂ ‘ਤੇ ਕਾਰ ਖੜ੍ਹੀ ਸੀ, ਉੱਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ। ਹੁਣ ਚੋਰਾਂ ਦਾ ਪਤਾ ਲਗਾਉਣ ਲਈ ਇਲਾਕੇ ਵਿਚ ਲੱਗੇ ਹੋਰ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।