ਅਪਰਾਧ

ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਪਨਗ੍ਰੇਨ ਇੰਸਪੈਕਟਰ ਕੀਤਾ ਗ੍ਰਿਫ਼ਤਾਰ

Published

on

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਲੁਧਿਆਣਾ ਵਿਖੇ ਤਾਇਨਾਤ ਪਨਗ੍ਰੇਨ ਦੇ ਇੰਸਪੈਕਟਰ ਕੁਨਾਲ ਗੁਪਤਾ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਇੰਸਪੈਕਟਰ ਦੇ ਖਿਲਾਫ਼ ਪੀੜਤ ਰਾਈਸ ਮਿੱਲ ਦੇ ਮਾਲਕ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਇੰਸਪੈਕਟਰ ਨੂੰ ਕਰਤਾਰ ਸਿੰਘ ਐਂਡ ਸੰਜ਼ ਰਾਈਸ ਮਿੱਲ ਦੇ ਮਾਲਕ ਚਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਕਿ ਦੋਸ਼ੀ ਇੰਸਪੈਕਟਰ ਨੇ ਪਿਛਲੇ ਸੀਜ਼ਨ ਲਈ ਝੋਨਾ ਅਲਾਟ ਕਰਨ ਦੇ ਬਦਲੇ ਉਸ ਤੋਂ ਅਤੇ ਪਾਰਸ ਰਾਈਸ ਮਿੱਲ ਦੇ ਮਾਲਕ ਮਹੇਸ਼ ਗੋਇਲ ਤੋਂ ਕ੍ਰਮਵਾਰ ਇੱਕ ਲੱਖ ਰੁਪਏ ਅਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ।

ਦੱਸ ਦੇਈਏ ਕਿ ਇਸ ਸਬੰਧੀ ਦੋਸ਼ੀ ਇੰਸਪੈਕਟਰ ਕੁਨਾਲ ਗੁਪਤਾ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਅਧੀਨ ਐੱਫ. ਆਈ. ਆਰ. ਨੰਬਰ 16 ਮਿਤੀ 26-12-2022 ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.