Connect with us

ਧਰਮ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20 ਜਨਵਰੀ, 2023)

Published

on

Today's hukamnamat from Sri Darbar Sahib (January 20, 2023)

ਬਿਲਾਵਲੁ ਮਹਲਾ ੧ ॥
ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥ ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥ ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਨਵਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥ ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥ ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥ ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥ ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥ ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥ ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥ ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥
ਸ਼ੁੱਕਰਵਾਰ, ੭ ਮਾਘ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੪੩)
ਬਿਲਾਵਲੁ ਮਹਲਾ ੧ ॥
ਹੇ ਸਹੇਲੀਏ! ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉੇ ਬਣਿਆ ਰਹਿੰਦਾ ਹੈ । ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ । ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ । ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ । ਹੇ ਨਾਨਕ! (ਆਖ—ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ।੧।॥ ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ, ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ । ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ । ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ । ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ—ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ।੨। ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ । ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ । ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ । ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ, ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ । ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ । ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ ।੩। ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ । (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ । (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ । (ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ । ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ । ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ ।੪।੨।

Facebook Comments

Trending