ਪੰਜਾਬੀ

ਕਾਂਗਰਸ ਨੇ ਹਲਕਾ ਸਾਊਥ ਨੂੰ ਛੱਡ ਕੇ ਲੁਧਿਆਣਾ ਦੀਆਂ ਸਾਰੀਆਂ ਸੀਟਾਂ ‘ਤੇ ਐਲਾਨੇ ਉਮੀਦਵਾਰ

Published

on

ਲੁਧਿਆਣਾ :   ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੰਗਲਵਾਰ ਦੇਰ ਸ਼ਾਮ ਜੋ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿਚ ਹਲਕਾ ਸਾਊਥ ਨੂੰ ਛੱਡ ਕੇ ਲੁਧਿਆਣਾ ਦੀਆਂ ਸਾਰੀਆਂ ਸੀਟਾਂ ਦੀ ਤਸਵੀਰ ਸਾਫ਼ ਹੋ ਗਈ ਹੈ। ਜਿੱਥੋਂ ਤੱਕ ਹਲਕਾ ਸਾਊਥ ਦਾ ਸਵਾਲ ਹੈ, ਉੱਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਈਸ਼ਵਰਜੋਤ ਚੀਮਾ ਲੰਮੇ ਸਮੇਂ ਤੋਂ ਇੰਚਾਰਜ ਦੇ ਤੌਰ ’ਤੇ ਕੰਮ ਕਰ ਰਹੇ ਸੀ ਪਰ ਟਿਕਟ ਦੇ ਐਲਾਨ ਤੋਂ ਠੀਕ ਪਹਿਲਾਂ ਕੇ. ਕੇ. ਬਾਵਾ, ਗੁਰਦੇਵ ਲਾਂਪਰਾ, ਨਿੱਕੀ ਰਿਆਤ, ਧਰੁਵ ਅਗਰਵਾਲ ਨੇ ਵੀ ਦਾਅਵੇਦਾਰੀ ਠੋਕ ਦਿੱਤੀ।

ਉਧਰ ਇਸ ਸੀਟ ’ਤੇ ਲੋਕ ਇਨਸਾਫ਼ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਬਲਵਿੰਦਰ ਬੈਂਸ, ਅਕਾਲੀ ਦਲ ਦੇ ਹੀਰਾ ਸਿੰਘ ਗਾਬੜੀਆ, ਆਮ ਆਦਮੀ ਪਾਰਟੀ ਤੋਂ ਰਜਿੰਦਰਪਾਲ ਕੌਰ ਛੀਨਾ, ਭਾਜਪਾ–ਕੈਪਟਨ ਗਠਜੋੜ ਤੋਂ ਸਤਿੰਦਰਪਾਲ ਸਿੰਘ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਅਨਿਲ ਕੁਮਾਰ ਨੂੰ ਉਮੀਦਵਾਰ ਬਣਾਇਆ ਚੁੱਕਾ ਹੈ।

ਕਾਂਗਰਸ ਵੱਲੋਂ ਹਲਕਾ ਗਿੱਲ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਨੂੰ ਇਕ ਵਾਰ ਫਿਰ ਉਮੀਦਵਾਰ ਬਣਾਇਆ ਗਿਆ ਹੈ। ਕੁਲਦੀਪ ਸਿੰਘ ਸਾਬਕਾ ਆਈ. ਏ. ਐੱਸ. ਅਫ਼ਸਰ ਹਨ ਅਤੇ ਉਨ੍ਹਾਂ ਦਾ ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਸਾਬਕਾ ਆਈ. ਏ. ਐੱਸ. ਐੱਸ. ਆਰ. ਲੱਧੜ ਨਾਲ ਮੁਕਾਬਲਾ ਹੋਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਜੀਵਨ ਸਿੰਘ ਸੰਗੋਵਾਲ ਅਤੇ ਅਕਾਲੀ ਦਲ ਵੱਲੋਂ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਕਾਂਗਰਸ ਵੱਲੋਂ ਜਗਰਾਓਂ ਸੀਟ ’ਤੇ ਜਗਤਾਰ ਸਿੰਘ ਜੱਗਾ ਨੂੰ ਟਿਕਟ ਦਿੱਤੀ ਗਈ ਹੈ, ਜੋ ਰਾਏਕੋਟ ਦੇ ਮੌਜੂਦਾ ਵਿਧਾਇਕ ਹਨ ਅਤੇ ਹਾਲ ਹੀ ਵਿਚ ਆਮ ਆਦਮੀ ਪਾਰਟੀ ਛੱਡ ਕਾਂਗਰਸ ’ਚ ਆਏ ਹਨ। ਉਨ੍ਹਾਂ ਦਾ ਮੁਕਾਬਲਾ ‘ਆਪ’ ਦੀ ਮੌਜੂਦਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਨਾਲ ਹੋਵੇਗਾ, ਜੋ ਕੁੱਝ ਸਮਾਂ ਪਹਿਲਾਂ ਤੱਕ ਇਕੱਠੇ ਕੰਮ ਕਰਦੇ ਰਹੇ ਹਨ। ਇਸ ਤੋਂ ਇਲਾਵਾ ਜਗਰਾਓਂ ਤੋਂ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐੱਸ. ਆਰ. ਕਲੇਰ, ਭਾਜਪਾ ਵੱਲੋਂ ਰਿਟਾ. ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਕਾਂਗਰਸ ਵਲੋਂ ਸਾਹਨੇਵਾਲ ਤੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਜੁਆਈ ਬਿਕਰਮ ਬਾਜਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ 2012 ਵਿਚ ਵੀ ਇਸ ਸੀਟ ’ਤੇ ਚੋਣ ਲੜ ਚੁਕੇ ਹਨ, ਜਦੋਂ ਕਿ 2017 ਵਿਚ ਕਾਂਗਰਸ ਵੱਲੋਂ ਗਾਇਕਾ ਸਤਵਿੰਦਰ ਬਿੱਟੀ ਨੂੰ ਟਿਕਟ ਦੇ ਦਿੱਤੀ ਗਈ ਸੀ। ਹੁਣ ਉਸਨੂੰ ਨਵਜੋਤ ਦਾ ਸਮਰਥਨ ਹਾਸਲ ਹੋਣ ਦੇ ਬਾਵਜੂਦ ਬਾਜਵਾ ਟਿਕਟ ਹਾਸਲ ਕਰਨ ਵਿਚ ਕਾਮਯਾਬ ਹੋ ਗਏ ਹਨ, ਜਿਨ੍ਹਾਂ ਦਾ ਮੁਕਾਬਲਾ ਇਕ ਵਾਰ ਫਿਰ ਅਕਾਲੀ ਦਲ ਦੇ ਸ਼ਰਨਜੀਤ ਢਿੱਲੋਂ ਨਾਲ ਹੋਵੇਗਾ, ਜਦੋਂ ਕਿ ਭਾਜਪਾ ਢੀਂਡਸਾ ਗਰੁੱਪ ਵੱਲੋਂ ਹਰਪ੍ਰੀਤ ਗਰਚਾ ਅਤੇ ਆਮ ਆਦਮੀ ਪਾਰਟੀ ਵਲੋਂ ਹਰਦੀਪ ਮੁੰਡੀਆਂ ਨੂੰ ਟਿਕਟ ਦਿੱਤੀ ਗਈ ਹੈ।

ਸੰਯੁਕਤ ਸਮਾਜ ਮੋਰਚਾ ਦੇ ਬਲਵੀਰ ਸਿੰਘ ਰਾਜੇਵਾਲ ਵੱਲੋਂ ਚੋਣ ਮੈਦਾਨ ’ਚ ਉਤਰਨ ਦੀ ਵਜ੍ਹਾ ਨਾਲ ਸਮਰਾਲਾ ਸੀਟ ਦੀ ਕਾਫ਼ੀ ਚਰਚਾ ਹੋ ਰਹੀ ਹੈ, ਜਿੱਥੇ ਮੌਜੂਦ ਵਿਧਾਇਕ ਅਮਰੀਕ ਢਿੱਲੋਂ ਦੇ ਨੇੜੇ ਰਿਸ਼ਤੇਦਾਰ ਪਰਮਜੀਤ ਸਿੰਘ ਨੂੰ ਸ਼ਾਮਲ ਕਰ ਕੇ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਹੈ, ਜਦੋਂ ਕਿ ਢਿੱਲੋਂ ਆਪਣੇ ਪੋਤੇ ਲਈ ਟਿਕਟ ਮੰਗ ਰਹੇ ਸੀ, ਜਿਨ੍ਹਾਂ ਦੀ ਵਜ੍ਹਾ ਨਾਲ ਕਾਂਗਰਸ ਦੇ ਬੇਅੰਤ ਸਿੰਘ ਪਰਿਵਾਰ ਦੇ ਨੇੜੇ ਰਾਜਾ ਗਿੱਲ ਨੂੰ ਉਮੀਦਵਾਰ ਬਣਾਇਆ।

Facebook Comments

Trending

Copyright © 2020 Ludhiana Live Media - All Rights Reserved.