ਪੰਜਾਬ ਨਿਊਜ਼

ਮੁੱਖ ਮੰਤਰੀ ਨੇ ਟਾਟਾ ਸਟੀਲ ਗਰੁੱਪ ਨੂੰ ਲੁਧਿਆਣਾ ‘ਚ 2600 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

Published

on

ਚੰਡੀਗੜ੍ਹ : ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮਨਰੋਥ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਟਾ ਗਰੁੱਪ ਨੂੰ ਪਹਿਲੇ ਪੜਾਅ ਵਿੱਚ ਲੁਧਿਆਣਾ ਵਿਖੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਿਤ ਸਟੀਲ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਅਲਾਟਮੈਂਟ ਦਾ ਪੱਤਰ ਸੌਂਪਿਆ।

ਮੁੱਖ ਮੰਤਰੀ ਨੇ ਟਾਟਾ ਸਟੀਲ ਲਿਮਟਡ ਦੇ ਆਲਮੀ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਟੀ.ਵੀ. ਨਰੇਂਦਰਨ ਦੀ ਅਗਵਾਈ ਵਿੱਚ ਵਫ਼ਦ ਨਾਲ ਮੁਲਾਕਾਤ ਦੌਰਾਨ ਕਿਹਾ, “ਅਸੀਂ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਦ੍ਰਿੜ ਵਚਨਬੱਧ ਹਾਂ ਅਤੇ ਟਾਟਾ ਗਰੁੱਪ ਦਾ ਨਿਵੇਸ਼ ਇਸ ਦਿਸ਼ਾ ਵਿੱਚ ਅਗਲੇਰਾ ਕਦਮ ਹੈ।” ਸ੍ਰੀ ਨਰੇਂਦਰਨ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ।

ਸੂਬੇ ਵਿੱਚ ਟਾਟਾ ਗਰੁੱਪ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਇਤਿਹਾਸ ਵਿੱਚ ਅੱਜ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣ ਵਾਲਾ ਦਿਨ ਹੈ ਕਿਉਂਕਿ ਵਿਸ਼ਵ ਪੱਧਰ ਦੀ ਇਸ ਮੋਹਰੀ ਕੰਪਨੀ ਦਾ ਸੂਬੇ ਵਿੱਚ ਪਹਿਲਾ ਨਿਵੇਸ਼ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਵੱਡੇ ਉਦਯੋਗਿਕ ਸਮੂਹ ਵੱਲੋਂ ਇਹ ਨਿਵੇਸ਼ ਕਰਨ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ।

ਮੁੱਖ ਮੰਤਰੀ ਨੇ ‘ਇਨਵੈਸਟ ਪੰਜਾਬ’ ਦੀ ਟੀਮ ਦੀ ਵੀ ਪਿੱਠ ਥਾਪੜੀ ਜਿਸ ਨੇ ਟਾਟਾ ਗਰੁੱਪ ਦੇ ਭਾਰਤ ਦੇ ਪਹਿਲੇ ਸਕਰੈਪ ਅਧਾਰਿਤ ਸਟੀਲ ਪਲਾਂਟ ਦੀ ਸਥਾਪਨਾ ਲਈ ਟਾਟਾ ਸਟੀਲ ਦੇ ਪ੍ਰਬੰਧਕਾਂ ਦੇ ਯਤਨਾਂ ਨੂੰ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿਜਲੀ ਉਤੇ ਚੱਲਣ ਵਾਲੀਆਂ ਆਰਕ ਭੱਠੀਆਂ ਉਤੇ ਅਧਾਰਤ ਪਲਾਂਟ 0.75 ਐਮ.ਟੀ.ਪੀ.ਏ. ਫਿਨਿਸ਼ਡ ਸਟੀਲ ਦਾ ਉਤਪਾਦਨ ਕਰੇਗਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਲਈ ਕੱਚਾ ਮਾਲ 100 ਫੀਸਦੀ ਸਕਰੈਪ ਹੋਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਹ ਪਲਾਂਟ ਪੀ.ਐਸ.ਆਈ.ਈ.ਸੀ. ਵੱਲੋਂ ਵਿਕਸਤ ਕੀਤੇ ਗਏ ਅਤਿ-ਆਧੁਨਿਕ ਉਦਯੋਗਿਕ ਪਾਰਕ ਦੇ ਨਾਲ ਲੱਗਦੀ 115 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ।

ਟਾਟਾ ਸਟੀਲ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਨੇ ਪੰਜਾਬ ਸਰਕਾਰ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੇ ਆਪਣੇ ਇਛੁੱਕ ਗ੍ਰੀਨਫੀਲਡ ਪ੍ਰੋਜੈਕਟ ਦਾ ਸਹੀ ਟਿਕਾਣਾ ਲੱਭ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬਾਜ਼ਾਰ ਅਤੇ ਸਕਰੈਪ ਪੈਦਾ ਕਰਨ ਵਾਲੇ ਆਟੋ ਹੱਬ ਨੇੜੇ ਹੋਣ ਕਾਰਨ ਪੰਜਾਬ ਇਲੈਕਟ੍ਰਿਕ ਆਰਕ ਫਰਨੇਸ ਲਈ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਰੀਸਾਈਕਲ ਰਾਹੀਂ ਪੈਦਾ ਹੋਣ ਵਾਲੇ ਸਟੀਲ ਵਿੱਚ ਘੱਟ ਕਾਰਬਨ ਨਿਕਾਸੀ, ਘੱਟ ਸਰੋਤਾਂ ਦੀ ਖਪਤ ਅਤੇ ਘੱਟ ਊਰਜਾ ਦੀ ਵਰਤੋਂ ਹੁੰਦੀ ਹੈ ਜੋ ਗਰੁੱਪ ਦੀ ਆਪਣੇ ਕਾਰਜਾਂ ਵਿਚ ਵਾਤਾਵਰਣ ਦੇ ਪ੍ਰਭਾਵ ਨੂੰ ਘਟਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

 

 

 

Facebook Comments

Trending

Copyright © 2020 Ludhiana Live Media - All Rights Reserved.