ਪੰਜਾਬੀ

ਸਵੱਛਤਾ ਤੇ ਸਫਾਈ ਗਤੀਵਿਧੀਆਂ ‘ਚ ਜੇਤੂ 38 ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸਕਾਰ ਨਾਲ ਕੀਤਾ ਸਨਮਾਨਿਤ

Published

on

ਲੁਧਿਆਣਾ : ਸਵੱਛਤਾ ਅਤੇ ਸਫਾਈ ਗਤੀਵਿਧੀਆਂ ਦੇ ਵਿਸ਼ੇਸ਼ ਮੁਲਾਂਕਣ ਤਹਿਤ ਇੱਕ ਲੰਬੀ ਪੁਲਾਂਘ ਪੁੱਟਦਿਆਂ ਜ਼ਿਲ੍ਹੇ ਦੇ 38 ਸਕੂਲਾਂ ਵੱਲੋਂ ‘ਸਵੱਛ ਵਿਦਿਆਲਿਆ ਪੁਰਸਕਾਰ – 2022’ ਹਾਸਲ ਕੀਤਾ ਗਿਆ ਹੈ।

ਚੋਣਵੇਂ ਸਕੂਲਾਂ ਨੂੰ ‘ਸਵੱਛ ਵਿਦਿਆਲਿਆ ਪੁਰਸਕਾਰ – 2022’ ਪ੍ਰਦਾਨ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਸਾਰੇ ਜੇਤੂ ਸਕੂਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਉਨ੍ਹਾਂ ਹੋਰਨਾਂ ਸਕੂਲਾਂ ਨੂੰ ਵੀ ਅਪੀਲ ਕੀਤੀ ਉਹ ਵੀ ਇਨ੍ਹਾਂ ਜੇਤੂ ਸਕੂਲਾਂ ਦੀ ਪੈੜ ਦੱਬਣ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ 38 ਸਕੂਲਾਂ ਨੇ ਇਹ ਵਡਮੁੱਲਾ ਪੁਰਸਕਾਰ ਜਿੱਤਿਆ ਹੈ ਅਤੇ ਛੇ ਸਕੂਲਾਂ ਵੱਲੋਂ ਓਵਰਆਲ ਟਾਪ ਰੈਂਕਿੰਗ ਹਾਸਲ ਕੀਤੀ ਹੈ ਜੋ ਕਿ ਇਨ੍ਹਾਂ ਸਕੂਲਾਂ ਦੀ ਸਾਰੀਆਂ ਸ਼੍ਰੇਣੀਆਂ ਵਿੱਚ ਵਧੀਆ ਕਾਰਗੁਜ਼ਾਰੀ ਵਜੋਂ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਪੁਰਸਕਾਰ 6 ਮੁੱਖ ਸ਼੍ਰੇਣੀਆਂ ਵਿੱਚ ਦਿੱਤਾ ਗਿਆ ਹੈ ਜਿਸ ਵਿੱਚ ਪੀਣ ਵਾਲਾ ਪਾਣੀ, ਪਖਾਨੇ, ਵਿਵਹਾਰ ਵਿੱਚ ਤਬਦੀਲੀ ਅਤੇ ਸਮਰੱਥਾ ਨਿਰਮਾਣ, ਸਾਬਣ ਨਾਲ ਹੱਥ ਧੋਣਾ, ਸੰਚਾਲਨ ਅਤੇ ਰੱਖ-ਰਖਾਅ ਅਤੇ ਕੋਵਿਡ-19 ਦੀ ਤਿਆਰੀ ਅਤੇ ਜਵਾਬ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਹਰ ਸਾਲ ਸਕੂਲ ਪੱਧਰ ‘ਤੇ ਮੁਲਾਂਕਣ ਕਰਤਾਵਾਂ ਦੁਆਰਾ ਸਾਰੇ ਛੇ ਵਰਗਾਂ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਵਿਸਤ੍ਰਿਤ ਸਰਵੇਖਣ ਤੋਂ ਬਾਅਦ ਇਹ ਪੁਰਸਕਾਰ ਦਿੰਦੀ ਹੈ। ਅਜਿਹੀਆਂ ਗਤੀਵਿਧੀਆਂ ‘ਤੇ ਹੋਰ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਕੂਲ ਛੋਟੀ ਉਮਰ ਵਿੱਚ ਹੀ ਬੱਚਿਆਂ ਵਿੱਚ ਸਵੱਛਤਾ ਅਤੇ ਸਫਾਈ ਗਤੀਵਿਧੀਆਂ ਪ੍ਰਤੀ ਸਕਾਰਾਤਮਕ ਪਹੁੰਚ ਪੈਦਾ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਤਾਂ ਜੋ ਉਹ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਉੱਭਰ ਸਕਣ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜ਼ਿਲ੍ਹੇ ਵਿੱਚ ਸਕੂਲੀ ਸਿੱਖਿਆ ਨੂੰ ਉੱਚਾ ਚੁੱਕਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ 533 ਸਰਕਾਰੀ ਸੈਕੰਡਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਡਿਜੀਟਲਾਈਜ਼ੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉੱਥੇ ਸੋਲਰ ਪੈਨਲ ਵੀ ਲਗਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਸਾਰੇ ਸਕੂਲਾਂ ਵਿੱਚ ਲੜਕੀਆਂ ਲਈ ਵੱਖਰੇ ਪਖਾਨਿਆਂ ਦੇ ਨਾਲ-ਨਾਲ ਇਨਸੀਨੇਰੇਟਰ ਵੀ ਸਥਾਪਤ ਕੀਤੇ ਗਏ ਹਨ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਕੌਰ, ਡਿਪਟੀ ਡੀ.ਈ.ਓ. ਚਰਨਜੀਤ ਸਿੰਘ, ਐਸ.ਡੀ.ਵੀ.ਪੀ. ਟੀਮ ਦੇ ਮੈਂਬਰ ਰਾਣਾ ਭੁਪਿੰਦਰ ਸਿੰਘ, ਬਲਵਿੰਦਰ ਕੌਰ, ਮੰਜੂ ਭਾਰਦਵਾਜ, ਕੁਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.