ਪੰਜਾਬੀ

ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱੱਧ ਇਮਾਰਤੀ ਸ਼ਾਖਾ ਨੇ ਕੀਤੀ ਸਖ਼ਤ ਕਾਰਵਾਈ

Published

on

ਲੁਧਿਆਣਾ  :  ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਉਸਾਰੀ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਮੰਗਲਵਾਰ ਨੂੰ ਇਮਾਰਤੀ ਸ਼ਾਖਾ ਵਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਇਕ ਦਰਜਨ ਤੋਂ ਵੱਧ ਗੈਰ ਕਾਨੂੰਨੀ ਇਮਾਰਤਾਂ ਜਿਨ੍ਹਾਂ ਵਿਚ ਜਿਆਦਾਤਰ ਫਰੰਟ ਪਾਰਕਿੰਗ ਤੋਂ ਬਿਨ੍ਹਾਂ ਬਣਾਈਆਂ ਜਾ ਰਹੀਆਂ ਦੁਕਾਨਾਂ ਸ਼ਾਮਿਲ ਸਨ, ਢਾਹ ਦਿੱਤੀਆਂ।

ਸੀਨੀਅਰ ਟਾਊਨ ਪਲਾਨਰ ਸੁਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਸਟਾਫ਼ ਦੀ ਡਿਊਟੀ ਲੱਗੀ ਹੋਣ ਕਾਰਨ ਗੈਰ ਕਾਨੂੰਨੀ ਇਮਾਰਤਾਂ ਵਿਰੁੱਧ ਕਾਰਵਾਈ ਮੱਠੀ ਰਫ਼ਤਾਰ ਨਾਲ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਕਾਰਵਾਈ ਤਹਿਤ ਜੋਨ ਏ. ਸਹਾਇਕ ਨਿਗਮ ਯੋਜਨਾਕਾਰ ਮੋਹਨ ਸਿੰਘ ਦੀ ਅਗਵਾਈ ਹੇਠ ਇਮਾਰਤੀ ਸ਼ਾਖਾ ਟੀਮ ਵਲੋਂ ਸਰਦਾਰ ਨਗਰ ਵਿਚ ਬਿਨ੍ਹਾਂ ਨਕਸ਼ਾ ਪਾਸ ਕਰਾਏ ਬਣ ਰਹੀਆਂ ਦੁਕਾਨਾਂ ਢਾਹ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਗੁਰੂ ਵਿਹਾਰ ਪਿੰਡ ਗਹਿਲੇਵਾਲ ਵਿਚ ਪਾਰਕਿੰਗ ਸਥਾਨ ਛੱਡੇ ਬਿਨ੍ਹਾਂ ਬਣ ਰਹੀਆਂ ਚਾਰ ਦੁਕਾਨਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਹਾਇਕ ਨਿਗਮ ਯੋਜਨਾਕਾਰ ਜੋਨ ਡੀ. ਮਦਨਜੀਤ ਸਿਘ ਬੇਦੀ ਦੀ ਅਗਵਾਈ ਹੇਠ ਇਸ਼ਮੀਤ ਚੌਕ ਨਜਦੀਕ ਰਿਹਾਇਸ਼ੀ ਪਲਾਟ ਵਿਚ ਬਣ ਰਹੀਆਂ ਦੁਕਾਨਾਂ ਢਾਹ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਘੁੰਮਾਰ ਮੰਡੀ ਰੋਡ, ਭਾਈ ਰਣਧੀਰ ਸਿੰਘ ਨਗਰ, ਸੱਗੂ ਚੌਕ, ਹਰਨਾਮ ਨਗਰ, ਨੇੜੇ ਇਸ਼ਮੀਤ ਚੌਕ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਨ੍ਹਾਂ ਮਨਜ਼ੂਰੀ ਅਤੇ ਰਿਹਾਇਸ਼ੀ ਪਲਾਟਾਂ ਵਿਚ ਹੋ ਰਹੀਆਂ ਵਪਾਰਕ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਢਾਹ ਦਿਤੀਆਂ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਮਹੀਨੇ ਦੌਰਾਨ ਸਟਾਫ਼ ਚੋਣ ਡਿਊਟੀ ਵਿਚ ਲੱਗਾ ਹੋਣ ਦਾ ਫਾਇਦਾ ਉਠਾ ਕੇ ਕੁਝ ਜਾਇਦਾਦ ਮਾਲਿਕਾਂ ਵਲੋਂ ਨਾਜਾਇਜ਼ ਉਸਾਰੀਆਂ ਸ਼ੁਰੂ ਕਰ ਦਿਤੀਆਂ ਸਨ, ਜਿਨ੍ਹਾਂ ਨੂੰ ਕੰਮ ਬੰੰਦ ਕਰਨ ਲਈ ਫੀਲਡ ਸਟਾਫ਼ ਵਲੋਂ ਕਈ ਵਾਰ ਹਦਾਇਤ ਦਿੱਤੇ ਜਾਣ ਦੇ ਬਾਵਜੂਦ ਕੰਮ ਚੱਲ ਰਿਹਾ ਸੀ।

Facebook Comments

Trending

Copyright © 2020 Ludhiana Live Media - All Rights Reserved.