ਪੰਜਾਬ ਨਿਊਜ਼

ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ਵਿੱਚ ਸੋਧ ਕੀਤੀ ਜਾਵੇਗੀ: ਮੀਤ ਹੇਅਰ

Published

on

ਲੁਧਿਆਣਾ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੌਜੂਦ ਸਨ।

ਸ੍ਰੀ ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਇਸ ਖਿਡਾਰੀ ਉੱਪਰ ਪੂਰੇ ਸੂਬੇ ਨੂੰ ਮਾਣ ਹੈ। ਧਰੁਵ ਦੀ ਇਹ ਪ੍ਰਾਪਤੀ ਨਵੀਂ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਅਸਲ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਰੁਵ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵਧਾਈ ਦੇਣਗੇ।

ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ ਹਨ ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ। ਥੌਮਸ ਕੱਪ ਸਮੇਤ ਕਈ ਵੱਡੇ ਮੁਕਾਬਲਿਆਂ ਦੇ ਜੇਤੂਆਂ ਲਈ ਨਗਦ ਇਨਾਮ ਦੇਣਾ ਖੇਡ ਨੀਤੀ ਦਾ ਹਿੱਸਾ ਨਹੀਂ ਹੈ। ਖੇਡ ਨੀਤੀ ਵਿੱਚ ਸੋਧ ਕਰ ਕੇ ਇਹ ਕਮੀ ਦੂਰ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ, ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ। ਹੁਣ ਸਾਡੀ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕੀਤੀ ਜਾ ਸਕੇ।

ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਤੇ ਸ਼ਿਵਾਨੀ ਕਪਿਲਾ ਅਤੇ ਧਰੁਵ ਦੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ।ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਧਰੁਵ ਨਾਲ ਖੇਡ ਸੰਬੰਧੀ ਗੱਲਬਾਤ ਕਰਦਿਆਂ ਆਉਣ ਵਾਲੇ ਖੇਡ ਮੁਕਾਬਲਿਆਂ ਅਤੇ ਕੈਂਪ ਸੰਬੰਧੀ ਜਾਣਕਾਰੀ ਲਈ।ਇਸ ਮੌਕੇ ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.