Connect with us

ਪੰਜਾਬੀ

ਮਾਤ ਭਾਸ਼ਾ ਦਿਵਸ ‘ਤੇ ਵਿਦਵਾਨ ਬਲਵਿੰਦਰ ਸਿੰਘ ਗਰੇਵਾਲ ਦਾ ਵਿਸ਼ੇਸ਼ ਭਾਸ਼ਣ

Published

on

Special speech by scholar Balwinder Singh Grewal on Mother Language Day

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਉੱਘੇ ਵਿਦਵਾਨ ਸ. ਬਲਵਿੰਦਰ ਸਿੰਘ ਗਰੇਵਾਲ ਨੇ ਭਾਸ਼ਣ ਦਿੰਦਿਆਂ ਕਿਹਾ ਕਿ 21 ਫ਼ਰਵਰੀ ਨੂੰ ਦੁਨੀਆਂ ਭਰ ਵਿਚ ਮਾਤ ਭਾਸ਼ਾ ਦਿਵਸ ਮਨਾਇਆਜਾਂਦਾ ਹੈ। ਮਾਤ ਭਾਸ਼ਾ ਉਹ ਹੁੰਦੀ ਹੈ ਜੋ ਮਨੁੱਖ ਆਪਣੀ ਮਾਂ ਤੋਂ ਸਿੱਖ ਕੇ ਵਿਕਾਸ ਕਰਦਾ ਹੈ।

 

1966 ’ਚ ਜਦੋਂ ਪੰਜਾਬੀ ਰਾਜ ਭਾਸ਼ਾ ਬਣਾਈ ਗਈ ਤਾਂ ਉਸ ਸਮੇਂ ਕਾਫ਼ੀ ਵਿਕਾਸ ਹੋਇਆ। 1991 ਵਿਚ ਲਿਬਰਾਈਜੇਸ਼ਨ ਦੇ ਦੌਰ ਵਿਚ ਅਖ਼ਬਾਰਾਂ ਦੀ ਭਾਸ਼ਾ ਬਦਲ ਗਈ ਤੇ ਮਾਰਕਿਟ ’ਚ ਸਾਈਨ ਬੋਰਡਾਂ ਦੀ ਭਾਸ਼ਾ ਬਦਲਣੀ ਸ਼ੁਰੂ ਹੋ ਗਈ ਤੇ ਸਾਡੀ ਅਸਲ ਮਾਤ ਭਾਸ਼ਾ ਨਾਲ ਖਿਲਵਾੜ ਹੋਣਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਹੁਣ ਆਨ ਲਾਈਨ ਦੇ ਨਾਮ ਹੇਠ ਪੰਜਾਬੀ ਭਾਸ਼ਾ ਨੂੰ ਹਿੰਦੀ ਤੇ ਅੰਗਰੇਜ਼ੀ ਰਾਹੀਂ ਸਿਖਾਇਆ ਜਾ ਰਿਹਾ ਹੈ।

ਸਾਡੀ ਸਭਿਆਚਾਰਕ ਪਛਾਣ ਨੂੰ ਖਤਮ ਕਰਨ ਲਈ ਇਹ ਵੱਡੇ ਹਮਲੇ ਹਨ। ਅਖਾਣ ਮੁਹਾਵਰੇ ਰਾਹੀਂ ਸਾਡੀ ਮਾਤ ਭਾਸ਼ਾ ਅਮੀਰ ਹੋਈ ਹੈ। ਪੰਜ ਹਜ਼ਾਰ ਸਾਲ ਪੁਰਾਣੇ ਰਿਵਾਇਤ ਦੇ ਸ਼ਬਦ ਹੁਣ ਖਤਮ ਹੋ ਰਹੇ ਹਨ। ਬੱਚਾ ਘਰੋਂ ਸੁਣਨਾ ਸ਼ੁਰੂ ਕਰਦਾ ਹੈ ਤੇ ਫਿਰ ਬੋਲਣਾ ਸ਼ੁਰੂ ਕਰਦਾ ਹੈ ਤੇ ਫਿਰ ਵਾਕ ਬਣਾਉਦਾ ਹੈ ਅਤੇ ਉਹ ਸਮਾਜ ਵਿਚ ਸਭਿਆਚਾਰ ਨੂੰ ਅਮੀਰ ਕਰਨ ਲਈ ਯਤਨਸ਼ੀਲ ਹੁੰਦਾ।

ਉਨ੍ਹਾਂ ਕਿਹਾ ਮਾਤ ਭਾਸ਼ਾ ਦਾ ਲੋਕਤੰਤਰ ਨਾਲ ਵੀ ਖਾਸ ਸੰਬੰਧ ਹੈ। ਮਾਤ ਭਾਸ਼ਾ ਬਚਾਉਣ ਲਈ ਸਾਨੂੰ ਜਥੇਬੰਦਕ ਪਹੁੰਚ ਰੱਖਣੀ ਪਵੇਗੀ। ਭਾਸ਼ਾ ਦਾ ਸਭਿਆਚਾਰ ਨਾਲ ਵੱਡਾ ਸੰਬੰਧ ਹੁੰਦਾ ਹੈ। ਜਦੋਂ ਅਸੀਂ ਇਸ ਨੂੰ ਧਰਮ ਨਾਲ ਜੋੜਦੇ ਹਾਂ ਤਾਂ ਭਾਸ਼ਾ ਦਾ ਘੇਰਾ ਸੀਮਤ ਹੋ ਜਾਂਦਾ ਹੈ। ਇਸ ਮੌਕੇ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਕੇ. ਸਾਧੂ ਸਿੰਘ, ਸ੍ਰੀਮਤੀ ਇੰਦਰਜੀਤ ਪਾਲ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਤੇ ਸਰੋਤੇ ਹਾਜ਼ਰ ਸਨ।

Facebook Comments

Trending