ਲੁਧਿਆਣਾ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਫੀਲਡ ਆਊਟਰੀਚ ਬਿਊਰੋ (ਐਫ.ਓ.ਬੀ.) ਜਲੰਧਰ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਜ ‘ਆਜ਼ਾਦੀ ਦਾ ਅਮ੍ਰਿਤ’ ਮਹੋਤਸਵ ਅਤੇ ਕੋਵਿਡ ਤੋਂ ਬਆਚ ਬਾਰੇ ਜਾਗਰੂਕਤਾ ਲਿਆਉਣ ਸਬੰਧੀ ਪੇਂਟਿੰਗ ਅਤੇ ਸਲੋਗਨ ਰਾਈਇੰਗ ਮੁਕਾਬਲੇ ਕਰਵਾਏ ਗਏ।
ਸਥਾਨਕ ਪੀ.ਏ.ਯੂ. ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪੇਟਿੰਗ ਸ੍ਰੇ਼ਣੀ ਵਿੱਚ 10 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਬਹੁਤ ਸਾਰੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਵੀ ਸ਼ਾਮਲ ਸਨ, ਜਦਕਿ ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਇਤਿਹਾਸ ਵਿਸ਼ੇ ਦੀ ਲੈਕਚਰਾਰ ਰਜਨੀਤ ਕੌਰ ਨੇ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਦੇ ਮੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਲਖਬੀਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਹ ਦੋਵੇਂ ਵਿਸ਼ੇ ਦੇ ਸੰਦਰਭ ਵਿੱਚ ਇੱਕ-ਦੂਜੇ ਨਾਲ ਰਲਵੇਂ ਵਿਸ਼ੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ ਓਥੇ ਹੀ ਸਾਨੂੰ ਸਾਰਿਆਂ ਨੂੰ ਅੱਜ ਕੋਰੋਨਾ ਮਹਾਂਮਾਰੀ ਤੋਂ ਆਜ਼ਾਦੀ ਲਈ ਰਲ-ਮਿਲ ਕੇ ਹੰਭਲਾ ਮਾਰਨ ਦੀ ਵੀ ਲੋੜ ਹੈ ਅਤੇ ਕੋਰੋਨਾ ਤੋਂ ਬਚਾਅ ਜਾਂ ਆਜ਼ਾਦੀ ਸਾਨੂੰ ਉਦੋਂ ਹੀ ਹਾਸਲ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਮੂੰਹ ‘ਤੇ ਮਾਸਕ, ਹੱਥ ਧੋਣਾ ਅਤੇ ਦੋ ਗਜ ਦੀ ਦੂਰੀ ਵਰਗੇ ਨਿਯਮਾਂ ਦੀ ਪਾਲਣਾ ਕਰਾਂਗੇ।
ਸ. ਲਖਬੀਰ ਸਿੰਘ ਵੱਲੋਂ ਇਸ ਮੌਕੇ ਜੇਤੂ ਵਿਦਿਆਰਥੀਆਂ, ਜਿਨ੍ਹਾਂ ਵਿੱਚ ਪੇਂਟਿੰਗ ਮੁਕਾਬਲੇ ਦੇ ਜੇਤੂ ਖੁਸ਼ਬੂ, ਜੈਪ੍ਰੀਤ ਕੌਰ ਅਤੇ ਬਬੀਤਾਜੀਤ ਰਾਣਾ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਰਿਸ਼ੀ, ਵਿਸ਼ਾਲ ਪ੍ਰਜਾਪਤੀ ਅਤੇ ਮਨੋਜ ਨੂੰ ਇਨਾਮ ਵੰਡੇ ਗਏ। ਫੀਲਡ ਪਬਲੀਸਿਟੀ ਅਧਿਕਾਰੀ ਸ੍ਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੰਤਵ ਜਿੱਥੇ ਨੌਜਵਾਨਾਂ ਨੂੰ ਬੜੀਆਂ ਔਕੜਾਂ, ਮੁਸੀਬਤਾਂ ਤੇ ਕੁਰਬਾਨੀਆਂ ਦੇ ਕੇ ਮਿਲੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਅਲਖ ਜਗਾਉਣਾ ਹੈ ਓਥੇ ਹੀ ਸਮਾਜ ਨੂੰ ਇਸ ਕੋਵਿਡ ਮਹਾਂਮਾਰੀ ਤੋਂ ਬਚਾਓ ਲਈ ਸਰਕਾਰ ਵੱਲੋਂ ਵੱਖ-ਵੱਖ ਸਮੇਂ ਜਾਰੀ ਕੀਤੇ ਨਿਯਮਾਂ ਦੀ ਪਾਲਣਾਂ ਬਾਰੇ ਜਾਗਰੂਕ ਵੀ ਕਰਨਾ ਹੈ।