ਇੰਡੀਆ ਨਿਊਜ਼

ਪੁੱਛਗਿੱਛ ਲਈ ਡੇਰਾ ਸਿਰਸਾ ਜਾਵੇਗੀ ਐੱਸਆਈਟੀ, ਡਾ. ਨੈਨ ਨੇ ਡੀਆਈਜੀ ਦਫ਼ਤਰ ਨੂੰ ਮੁੜ ਭੇਜਿਆ ਮੈਡੀਕਲ

Published

on

ਲੁਧਿਆਣਾ : ਐੱਸਆਈਟੀ ਨੇ ਮਾਮਲੇ ’ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਪ੍ਰਬੰਧਕ ਡਾ. ਪੀਆਰ ਨੈਨ ਨੂੰ ਤੀਸਰਾ ਸੰਮਨ ਭੇਜਣ ’ਤੇ ਵੀ ਉਨ੍ਹਾਂ ਵਿਚੋਂ ਕੋਈ ਪੇਸ਼ ਨਾ ਹੋਇਆ। ਪ੍ਰਬੰਧਕ ਡਾ. ਪੀਆਰ ਨੈਨ ਨੇ ਪਿਛਲੇ ਹਫਤੇ ਮੈਡੀਕਲ ਭੇਜ ਕੇ ਇਕ ਹਫਤੇ ਦਾ ਸਮਾਂ ਮੰਗਿਆ ਸੀ। ਉਹ ਸਮਾਂ ਪੂਰਾ ਹੋਣ ’ਤੇ ਉਸ ਨੇ ਸ਼ੁੱਕਰਵਾਰ ਨੂੰ ਫਿਰ ਮੈਡੀਕਲ ਭੇਜ ਦਿੱਤਾ।

ਲੁਧਿਆਣਾ ਰੇਂਜ ਦੇ ਡੀਆਈਜੀ ਐੱਸਪੀਐੱਸ ਪਰਮਾਰ ਇਸ ਐੱਸਆਈਟੀ ਦੇ ਚੀਫ ਹਨ। ਉਨ੍ਹਾਂ ਦੇ ਲੁਧਿਆਣਾ ਦਫਤਰ ਵਿਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਪ੍ਰਬੰਧਕ ਡਾ. ਪੀਆਰ ਨੈਨ ਤੋਂ ਸਵਾਲ ਜਵਾਬ ਕੀਤੇ ਜਾਣੇ ਸਨ ਪਰ ਉਨ੍ਹਾਂ ਦੇ ਨਾ ਆਉਣ ’ਤੇ ਹੁਣ ਐੱਸਆਈਟੀ ਨੇ ਸਿਰਸਾ ਜਾ ਕੇ ਦੋਵਾਂ ਤੋਂ ਪੁੱਛਗਿੱਛ ਕਰਨ ਦਾ ਫ਼ੈਸਲਾ ਕੀਤਾ ਹੈ।

ਡੀਆਈਜੀ ਪਰਮਾਰ ਨੇ ਕਿਹਾ ਕਿ ਉਹ ਐੱਸਆਈਟੀ ਦੇ ਹੋਰਨਾਂ ਮੈਂਬਰਾਂ ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ, ਡੀਐੱਸਪੀ ਭਿਖੀਵਿੰਡ ਲਖਵੀਰ ਸਿੰਘ ਤੇ ਨਵਾਂਸ਼ਹਿਰ ’ਚ ਦਲਬੀਰ ਸਿੰਘ ਸਮੇਤ ਸੋਮਵਾਰ ਨੂੰ ਸਿਰਸਾ ਜਾ ਕੇ ਦੋਵਾਂ ਦੇ ਬਿਆਨ ਦਰਜ ਕਰਨਗੇ। ਆਈਜੀ ਪਰਮਾਰ ਨੇ ਕਿਹਾ ਕਿ ਐੱਸਆਈਟੀ ਨੇ ਵਿਪਾਸਨਾ ਇੰਸਾਂ ਅਤੇ ਡਾ. ਪੀਆਰ ਨੈਨ ਨੂੰ ਤਲਬ ਕੀਤਾ ਸੀ।

ਡਾ. ਨੈਨ ਨੇ ਖੁਦ ਨੂੰ ਸਿਹਤਯਾਬ ਨਾ ਹੋਣ ਬਾਰੇ ਦੱਸਦੇ ਹੋਏ ਦੂਸਰੀ ਵਾਰ ਮੈਡੀਕਲ ਭੇਜ ਦਿੱਤਾ ਜਦਕਿ ਵਿਪਾਸਨਾ ਇੰਸਾਂ ਬਾਰੇ ਪੁੱਛਣ ’ਤੇ ਡਾ. ਨੈਨ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਲਾਪਤਾ ਹੈ। ਦੋਵਾਂ ਨੂੰ ਤਿੰਨ-ਤਿੰਨ ਵਾਰ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਸੂਤਰਾਂ ਅਨੁਸਾਰ ਪਿਛਲੇ ਡੇਢ ਸਾਲ ਤੋਂ ਲਾਪਤਾ ਚੱਲ ਰਹੀ ਵਿਪਾਸਨਾ ਇੰਸਾਂ ਵਿਦੇਸ਼ ਜਾ ਚੁੱਕੀ ਹੈ।

Facebook Comments

Trending

Copyright © 2020 Ludhiana Live Media - All Rights Reserved.