ਪੰਜਾਬੀ

10 ਨੂੰ ਵੋਟਾਂ ਦੀ ਗਿਣਤੀ ਲਈ ਸਟਾਫ਼ ਦੀ ਦੂਸਰੀ ਰਿਹਰਸਲ ਕੱਲ – ਸ਼ਰਮਾ

Published

on

ਲੁਧਿਆਣਾ  :  ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਲਈ ਲੁਧਿਆਣਾ ਸ਼ਹਿਰ ‘ਚ 14 ਥਾਵਾਂ ‘ਤੇ ਬਣੇ ਗਿਣਤੀ ਕੇਂਦਰਾਂ ਵਿਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਵੋਟਾਂ ਦੀ ਗਿਣਤੀ ਕਰਨ ਵਾਲੇ ਸਟਾਫ਼ ਦੀ ਪਹਿਲੀ ਰਿਹਰਸਲ 3 ਮਾਰਚ ਨੂੰ ਹੋਈ ਸੀ ਤੇ ਦੂਸਰੀ ਰਿਹਰਸਲ 9 ਮਾਰਚ ਨੂੰ ਹੋਵੇਗੀ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਗਿਣਤੀ ਸਟਾਫ਼ ਦੀ ਰੈਂਡਮਾਈਜੇਸ਼ਨ ਕਰਕੇ ਡਿਊਟੀ ਆਰਡਰ ਤਿਆਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਰੈਂਡਮਾਈਜੇਸ਼ਨ ਦਾ ਮਕਸਦ 10 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਸਟਾਫ਼ ਦੀਆਂ ਡਿਊਟੀਆਂ ਲਗਾਉਣਾ ਹੀ ਹੈ। ਉਨ੍ਹਾਂ ਕਿਹਾ ਕਿ ਆਪਣੀ ਮਰਜ਼ੀ ਦੀ ਬਜਾਏ ਰੈਂਡਮਾਈਜੇਸ਼ਨ ਰਾਹੀਂ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਦੀ 10 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਗਿਣਤੀ ਪਾਰਟੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰੇਕ ਗਿਣਤੀ ਕੇਂਦਰ ‘ਚ 14 ਗਿਣਤੀ ਟੇਬਲ ਲਗਾਏ ਜਾਣਗੇ ਤੇ ਇਨ੍ਹਾਂ ਟੇਬਲਾਂ ਨੂੰ 7-7 ਕਰਕੇ ਲਗਾਇਆ ਜਾਵੇਗਾ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਚੋਣ ਅਮਲ ‘ਚ ਲੱਗੇ 20 ਹਜ਼ਾਰ ਮੁਲਾਜ਼ਮਾਂ ਦੀ ਮਿਹਨਤ ਤੇ ਆਪਸੀ ਤਾਲਮੇਲ ਨਾਲ 20 ਫ਼ਰਵਰੀ ਨੂੰ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਦੇ ਲੁਧਿਆਣਾ ਸ਼ਹਿਰ ਵਿਚ 14 ਥਾਵਾਂ ‘ਤੇ ਬਣੇ ਗਿਣਤੀ ਕੇਂਦਰਾਂ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦਾ ਕੰਮ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ।

ਗਿਣਤੀ ਸਟਾਫ਼ ਤੇ ਗਿਣਤੀ ਵਿਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੇ ਨੁਮਾਇੰਦਿਆਂ ਦਾ 7 ਵਜੇ ਪੁੱਜਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਗਿਣਤੀ ਏਜੰਟਾਂ ਦਾ ਸ਼ਨਾਖ਼ਤੀ ਕਾਰਡ ਰਿਟਰਨਿੰਗ ਅਫ਼ਸਰਾਂ ਕੋਲ ਬਣਾਉਣ। ਉਨ੍ਹਾਂ ਦੱਸਿਆ ਕਿ ਕਾਊਟਿੰਗ ਸਥਾਨ ‘ਤੇ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਟਿੰਗ ਟੇਬਲ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ‘ਚ ਚੋਣਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਹਰ ਯਤਨ ਕੀਤਾ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.