ਪੰਜਾਬੀ

  ਵਿਧਾਨ ਸਭਾ ਕਮੇਟੀ ਵੱਲੋਂ ਧਾਂਦਰਾ ਕਲੱਸਟਰ ਪ੍ਰੋਜੈਕਟ ਦੀ ਸਮੀਖਿਆ, 21 ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ

Published

on

ਲੁਧਿਆਣਾ : ਪੰਚਾਇਤੀ ਰਾਜ ਸੰਸਥਾਵਾਂ ਬਾਰੇ ਪੰਜਾਬ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਵਿਧਾਇਕ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਸ਼ਿਆਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ ਤਹਿਤ ਧਾਂਦਰਾ ਕਲੱਸਟਰ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

ਇਸ ਪੈਨਲ ਵਿੱਚ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ, ਸ.ਤਰੁਨਪ੍ਰੀਤ ਸਿੰਘ ਸੌਂਦ, ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ, ਸ੍ਰੀਮਤੀ ਇੰਦਰਜੀਤ ਕੌਰ ਮਾਨ, ਡਾ. ਅਮਨਦੀਪ ਕੌਰ ਅਰੋੜਾ, ਸ੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ, ਸ. ਕੁਲਜੀਤ ਸਿੰਘ ਰੰਧਾਵਾ, ਏ.ਡੀ.ਸੀ. ਸ. ਜਸਵਿੰਦਰ ਸਿੰਘ ਰਾਮਦਾਸ (ਵਿਧਾਇਕ ਅਟਾਰੀ) ਸ਼ਾਮਲ ਸਨ ।

ਇਨ੍ਹਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ  ਧਾਂਦਰਾ ਕਲੱਸਟਰ ਦੇ 21 ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ।

ਲੁਧਿਆਣਾ ਵਿੱਚ ਇਹ ਮੀਟਿੰਗ ਵਿਧਾਇਕਾ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਦੀ ਪਹਿਲਕਦਮੀ ‘ਤੇ ਕਰਵਾਈ ਗਈ। ਪੈਨਲ ਨੂੰ ਦੱਸਿਆ ਗਿਆ ਕਿ 37 ਵਿਕਾਸ ਕਾਰਜਾਂ ਲਈ 30 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ, ਜਿਸ ਵਿੱਚੋਂ 23 ਕਰੋੜ ਰੁਪਏ ਖਰਚ ਕਰਦਿਆਂ 32 ਕੰਮ ਮੁਕੰਮਲ ਵੀ ਹੋ ਚੁੱਕੇ ਹਨ।

ਕਮੇਟੀ ਵੱਲੋਂ ਸਕਿੱਲ ਸੈਂਟਰ, ਬਹੁਮੰਤਵੀ ਬਿਜ਼ਨਸ ਸੈਂਟਰ, ਬਹੁਮੰਤਵੀ ਖੇਡ ਮੈਦਾਨ, ਸੀਵਰੇਜ, ਪੇਂਡੂ ਝੌਂਪੜੀਆਂ, ਬੱਸ ਕਿਊ ਸ਼ੈਲਟਰ, ਚਿਲਡਰਨ ਪਾਰਕ, ਕਮਰਸ਼ੀਅਲ ਸਪੇਸ ਸੈਂਟਰ, ਕਮਿਊਨਿਟੀ ਟਾਇਲਟ ਸੈਂਟਰ, ਸੋਲਰ ਲਾਈਟਾਂ ਦੀ ਸਥਾਪਨਾ, ਲਾਇਬ੍ਰੇਰੀਆਂ, ਗਲੀਆਂ ਦੀ ਉਸਾਰੀ ਸਮੇਤ ਹਰੇਕ ਕੰਮ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ।

ਪੈਨਲ ਵੱਲੋਂ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕੰਮਾਂ ਦੀ ਗੁਣਵੱਤਾ ਸਬੰਧੀ ਸਰਪੰਚਾਂ ਤੋਂ ਫੀਡਬੈਕ ਲੈਣ ਦੇ ਵੀ ਨਿਰਦੇਸ਼ ਦਿੱਤੇ। ਬਾਅਦ ਵਿੱਚ, ਕਮੇਟੀ ਵੱਲੋਂ ਵਿਕਾਸ ਕਾਰਜਾਂ ਦੀ ਜ਼ਮੀਨੀ ਹਕੀਕਤ ਦੀ ਜਾਂਚ ਕਰਨ ਲਈ ਵੱਖ-ਵੱਖ ਥਾਵਾਂ ਦਾ ਦੌਰਾ ਵੀ ਕੀਤਾ।

Facebook Comments

Trending

Copyright © 2020 Ludhiana Live Media - All Rights Reserved.