ਪੰਜਾਬੀ

ਪੰਜਾਬ ਤੋਂ ਰਾਜ ਸਭਾ ਮੈਂਬਰ ਸ਼੍ਰੀ ਸੰਜੀਵ ਅਰੋੜਾ ਨੇ ਪੀ.ਏ.ਯੂ. ਅਧਿਕਾਰੀਆਂ ਨਾਲ ਕੀਤਾ ਵਿਚਾਰ-ਵਟਾਂਦਰਾ

Published

on

ਲੁਧਿਆਣਾ : ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨਾਮਜ਼ਦ ਹੋਏ ਸ਼੍ਰੀ ਸੰਜੀਵ ਅਰੋੜਾ ਨੇ ਅੱਜ ਪੀ.ਏ.ਯੂ. ਦਾ ਇੱਕ ਵਿਸ਼ੇਸ਼ ਦੌਰਾ ਕੀਤਾ । ਇਸ ਦੌਰਾਨ ਸ਼੍ਰੀ ਅਰੋੜਾ ਨੇ ਪੀ.ਏ.ਯੂ. ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ । ਇਸ ਮੀਟਿੰਗ ਦੌਰਾਨ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਦੇ ਖੇਤਰ ਵਿੱਚ ਇਤਿਹਾਸਕ ਕਾਰਜ ਕੀਤਾ ਹੈ ਅਤੇ ਇਸ ਕਾਰਜ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਲਾਜ਼ਮੀ ਹੈ ।

ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਜਾਨਣੀ ਚਾਹੀਦੀ ਹੈ ਕਿ ਪੀ.ਏ.ਯੂ. ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਦੇ ਨਾਲ-ਨਾਲ ਨਵੀਆਂ ਖੇਤੀ ਤਕਨੀਕਾਂ ਦੇ ਵਿਕਾਸ ਵਿੱਚ ਲਾਜਵਾਬ ਕੰਮ ਕੀਤਾ ਹੈ । ਉਹਨਾਂ ਨੇ ਕਿਹਾ ਕਿ ਲੁਧਿਆਣਾ ਕੱਪੜਾ ਉਦਯੋਗ ਦੀ ਧੁਰੀ ਹੋਣ ਕਾਰਨ ਇੱਥੋਂ ਦੇ ਵਪਾਰੀਆਂ ਨੂੰ ਰੂੰ ਦੇ ਮਿਆਰ ਅਤੇ ਮੰਗ ਬਾਰੇ ਬਿਹਤਰ ਜਾਣਕਾਰੀ ਹੈ । ਚੰਗਾ ਹੋਵੇ ਜੇਕਰ ਕਿਸਾਨਾਂ ਅਤੇ ਮਾਹਿਰਾਂ ਦੇ ਨਾਲ ਉਦਯੋਗਿਕ ਸੰਪਰਕ ਵੀ ਜੋੜ ਲਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਬਜ਼ਾਰ ਦੀ ਮੰਗ ਕੀ ਹੈ ।

ਸ਼੍ਰੀ ਅਰੋੜਾ ਨੇ ਕਿਹਾ ਕਿ ਕੁਦਰਤੀ ਅਤੇ ਜੈਵਿਕ ਉਤਪਾਦ ਅੱਜ ਹਰ ਵਿਅਕਤੀ ਦੀ ਲੋੜ ਹਨ । ਇਸ ਦਿਸ਼ਾ ਵਿੱਚ ਵੀ ਯੂਨੀਵਰਸਿਟੀ ਨੂੰ ਠੋਸ ਕਾਰਜ ਕਰਨੇ ਚਾਹੀਦੇ ਹਨ । ਰਾਜ ਸਭਾ ਮੈਂਬਰ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਪੀ.ਏ.ਯੂ. ਦੀਆਂ ਲੋੜਾਂ ਅਤੇ ਮੰਗਾਂ ਬਾਬਤ ਹਰ ਸੰਭਵ ਕੋਸ਼ਿਸ਼ ਕਰਨਗੇ । ਇੱਥੋਂ ਤੱਕ ਕਿ ਉਹ ਰਾਜ ਸਭਾ ਵਿੱਚ ਵੀ ਪੀ.ਏ.ਯੂ. ਦੀ ਅਵਾਜ਼ ਬਣਨਗੇ । ਸ਼੍ਰੀ ਅਰੋੜਾ ਨੇ ਅਜਾਇਬ ਘਰ ਅਤੇ ਹੋਰ ਮਸਲਿਆਂ ਬਾਰੇ ਇੱਕ ਤਜ਼ਵੀਜ਼ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਉਸ ਉੱਪਰ ਠੋਸ ਕਾਰਵਾਈ ਹੋ ਸਕੇ ।

ਇਸ ਤੋਂ ਪਹਿਲਾਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮਾਣਯੋਗ ਰਾਜਸਭਾ ਮੈਂਬਰ ਦਾ ਸਵਾਗਤ ਕੀਤਾ ਅਤੇ ਉਹਨਾਂ ਕਿਹਾ ਕਿ ਪੀ.ਏ.ਯੂ. ਦੇਸ਼ ਵਿੱਚ ਹਰੀ ਕ੍ਰਾਂਤੀ ਦੀ ਮੋਢੀ ਸੰਸਥਾ ਹੈ । ਅੱਜ 1.5% ਜ਼ਮੀਨੀ ਰਕਬਾ ਹੋਣ ਦੇ ਬਾਵਜੂਦ ਪੰਜਾਬ ਦੇਸ਼ ਦੇ ਅੰਨ ਭੰਡਾਰਾਂ ਵਿੱਚ 22% ਕਣਕ ਦਾ ਹਿੱਸਾ ਪਾ ਰਿਹਾ ਹੈ ਤਾਂ ਇਸਦਾ ਸਿਹਰਾ ਪੀ.ਏ.ਯੂ. ਮਾਹਿਰਾਂ ਅਤੇ ਕਿਸਾਨਾਂ ਦੀ ਸਾਂਝ ਨੂੰ ਜਾਂਦਾ ਹੈ । ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ ।

ਉਹਨਾਂ ਕਿਹਾ ਕਿ ਨਵੀਆਂ ਖੇਤੀ ਤਕਨੀਕਾਂ ਅਤੇ ਸਮੇਂ ਦੀ ਮੰਗ ਅਨੁਸਾਰ ਸੂਖਮ ਅਤੇ ਕੁਦਰਤੀ ਖੇਤੀ ਦੇ ਨਾਲ-ਨਾਲ ਸੰਯੁਕਤ ਕੀਟ, ਬਿਮਾਰੀ ਅਤੇ ਪਾਣੀ ਪ੍ਰਬੰਧਨ ਵੱਲ ਖੋਜ ਨੂੰ ਮੋੜਿਆ ਜਾ ਰਿਹਾ ਹੈ । ਇਸਦੇ ਨਾਲ ਹੀ ਰਹਿੰਦ-ਖੂੰਹਦ ਦੀ ਸੰਭਾਲ, ਖੇਤੀ ਜੰਗਲਾਤ, ਸੁਰੱਖਿਅਤ ਖੇਤੀ, ਸਬਜ਼ੀਆਂ, ਜੈਵਿਕ ਖਾਦਾਂ, ਭੋਜਨ ਪ੍ਰੋਸੈਸਿੰਗ, ਬੀਜ ਅਤੇ ਪਨੀਰੀ ਉਤਪਾਦਨ ਅਤੇ ਸ਼ਹਿਦ ਤੇ ਖੁੰਬ ਉਤਪਾਦਨ ਮੌਜੂਦਾ ਖੋਜ ਦੇ ਖੇਤਰ ਬਣੇ ਹੋਏ ਹਨ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੋਜ ਗਤੀਵਿੀਧਆਂ ਦੇ ਨਾਲ-ਨਾਲ ਪੀ.ਏ.ਯੂ. ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਨੀਂਹ-ਪੱਥਰ 1962 ਵਿੱਚ ਰੱਖਿਆ ਗਿਆ ਸੀ । 1970 ਵਿੱਚ ਹਿਸਾਰ ਅਤੇ ਪਾਲਮਪੁਰ ਕੈਂਪਸ ਅਤੇ 2006 ਵਿੱਚ ਗੁਰੂ ਅੰਗਦ ਦੇਵ ਯੂਨੀਵਰਸਿਟੀ ਪੀ.ਏ.ਯੂ. ਤੋਂ ਵੱਖ ਹੋਏ । ਉਹਨਾਂ ਦੱਸਿਆ ਕਿ 6 ਕਾਲਜਾਂ ਦੇ ਨਾਲ-ਨਾਲ ਖੋਜ ਕੇਂਦਰ, ਕਿ੍ਰਸ਼ੀ ਵਿਗਿਆਨ ਕੇਂਦਰ, ਬੀਜ ਖੋਜ ਫਾਰਮ ਅਤੇ ਕਿਸਾਨ ਸੇਵਾ ਸਲਾਹਕਾਰ ਕੇਂਦਰ ਪੀ.ਏ.ਯੂ. ਦੇ ਮਜ਼ਬੂਤ ਸੰਸਥਾਗਤ ਢਾਂਚੇ ਦਾ ਸਬੂਤ ਹਨ ।

ਇਸ ਮੌਕੇ ਸ਼੍ਰੀ ਸੰਜੀਵ ਅਰੋੜਾ ਨੂੰ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯਾਦਗਾਰ ਚਿੰਨ, ਪੀ.ਏ.ਯੂ. ਦੇ ਸਾਹਿਤ, ਪੌਸ਼ਟਿਕ ਉਤਪਾਦ ਨਾਲ ਸਨਮਾਨਿਤ ਕੀਤਾ । ਮੰਚ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਸਿਖਲਾਈ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਡਾ. ਸ਼ੰਮੀ ਕਪੂਰ ਰਜਿਸਟਰਾਰ ਨੇ ਸ਼੍ਰੀ ਸੰਜੀਵ ਅਰੋੜਾ ਦਾ ਸਵਾਗਤ ਕੀਤਾ ਜਦਕਿ ਅੰਤ ਵਿੱਚ ਮਿਲਖ ਅਧਿਕਾਰੀ ਡਾ. ਆਰ ਆਈ ਐੱਸ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ ।

Facebook Comments

Trending

Copyright © 2020 Ludhiana Live Media - All Rights Reserved.