ਚੰਡੀਗੜ੍ਹ : ਚੰਡੀਗੜ੍ਹ ‘ਚ ਬਿਜਲੀ ਵਿਭਾਗ ਦੇ ਮੁਲਾਜ਼ਮ ਤਿੰਨ ਦਿਨ ਦੀ ਮੁਕੰਮਲ ਹੜਤਾਲ ‘ਤੇ ਚਲੇ ਗਏ ਹਨ। ਅਜਿਹੇ ‘ਚ ਬੀਤੀ ਰਾਤ ਤੋਂ ਹੀ ਬਿਜਲੀ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਹੁਣ ਅਗਲੇ 72 ਘੰਟਿਆਂ ਤੱਕ ਸ਼ਹਿਰ ਵਾਸੀਆਂ ਨੂੰ ਇਹ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਦੇ ਨਾਲ ਹੀ ਸ਼ਹਿਰ ਦੀਆਂ ਜ਼ਿਆਦਾਤਰ ਟ੍ਰੈਫਿਕ ਲਾਈਟਾਂ ਸਵੇਰ ਤੋਂ ਹੀ ਬੰਦ ਪਈਆਂ ਹਨ, ਜਿਸ ਕਾਰਨ ਟ੍ਰੈਫਿਕ ਵਿਵਸਥਾ ਵੀ ਠੱਪ ਹੋ ਕੇ ਰਹਿ ਗਈ ਹੈ।
ਦੱਸ ਦੇਈਏ ਕਿ ਯੂਟੀ ਪਾਵਰਮੈਨ ਯੂਨੀਅਨ ਸੋਮਵਾਰ ਰਾਤ 11 ਵਜੇ ਤੋਂ ਅਗਲੇ ਤਿੰਨ ਦਿਨਾਂ ਲਈ ਹੜਤਾਲ ‘ਤੇ ਹੈ। ਕਈ ਸੈਕਟਰਾਂ ‘ਚ ਰਾਤ ਤੋਂ ਹੀ ਬਿਜਲੀ ਨਹੀਂ ਹੈ, ਜਿਸ ਕਾਰਨ ਸਵੇਰੇ ਪਾਣੀ ਦੀ ਸਪਲਾਈ ਨਹੀਂ ਹੋਈ। ਜਿਨ੍ਹਾਂ ਘਰਾਂ ਵਿੱਚ ਇਨਵਰਟਰ ਲੱਗੇ ਹੋਏ ਹਨ, ਉਹ ਵੀ ਚਿੰਤਤ ਹਨ ਕਿਉਂਕਿ ਜੇਕਰ ਲੰਬੇ ਸਮੇਂ ਤਕ ਬਿਜਲੀ ਦਾ ਕੱਟ ਲੱਗਿਆ ਰਹਿੰਦਾ ਹੈ ਤਾਂ ਉਹ ਵੀ ਕੁਝ ਘੰਟੇ ਚੱਲਣ ਤੋਂ ਬਾਅਦ ਡਿਸਚਾਰਜ ਹੋ ਜਾਣਗੇ।
ਇਸ ਤੋਂ ਪਹਿਲਾਂ 1 ਫਰਵਰੀ ਨੂੰ ਇਕ ਦਿਨਾ ਹੜਤਾਲ ਕਾਰਨ ਸ਼ਹਿਰ ‘ਚ ਹਫੜਾ-ਦਫੜੀ ਮੱਚ ਗਈ ਸੀ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ‘ਚ ਬਿਜਲੀ ਗੁੱਲ ਰਹੀ। ਕਈ ਥਾਵਾਂ ‘ਤੇ 24 ਘੰਟੇ ਬਾਅਦ ਬਿਜਲੀ ਆਈ। ਇਸ ਵਾਰ ਪੂਰੇ ਸ਼ਹਿਰ ਦਾ ਸਿਸਟਮ 72 ਘੰਟਿਆਂ ਲਈ ਠੱਪ ਹੋ ਸਕਦਾ ਹੈ।