ਪੰਜਾਬੀ

ਸਨਅਤੀ ਸ਼ਹਿਰ ‘ਚ ਰੇਲਵੇ ਪੁਲਾਂ ਦਾ ਉਸਾਰੀ ਕਾਰਜ ਅਧੂਰਾ ਹੋਣ ਕਾਰਨ ਲੋਕ ਪ੍ਰੇਸ਼ਾਨ

Published

on

ਲੁਧਿਆਣਾ : ਸਨਅਤੀ ਸ਼ਹਿਰ ਵਿੱਚ ਪੱਖੋਵਾਲ ਰੋਡ ’ਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਣ ਰਹੇ ਰੇਲਵੇ ਓਵਰਬ੍ਰਿਜ ਅਤੇ ਰੇਲਵੇ ਅੰਡਰ ਬ੍ਰਿਜ ਦਾ ਕੰਮ ਸਿਰੇ ਚੜ੍ਹਾਉਣ ਦਾ ਮਿੱਥਿਆ ਆਖਰੀ ਸਮਾਂ ਟੱਪਣ ਦੇ ਬਾਵਜੂਦ ਦੋਵੇਂ ਪੁਲਾਂ ਦਾ ਕੰਮ ਹਾਲੇ ਵੀ ਅਧੂਰਾ ਹੈ। ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਤਿੰਨ ਹਿੱਸਿਆਂ ਵਿੱਚ ਬਣ ਰਿਹਾ ਹੈ ਤੇ ਇਸ ਪ੍ਰਾਜੈਕਟ ਦੇ ਇੱਕ ਹਿੱਸੇ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ। ਪੁਲਾਂ ਦੀ ਉਸਾਰੀ ਮੁਕੰਮਲ ਕਰਨ ਲਈ ਹੁਣ ਨਗਰ ਨਿਗਮ ਨੇ 15 ਅਗਸਤ ਤੱਕ ਦਾ ਸਮਾਂ ਦਿੱਤਾ ਹੈ।

ਹਾਲਾਤ ਇਹ ਹਨ ਕਿ ਇਨ੍ਹਾਂ ਦੋਵੇਂ ਪੁਲਾਂ ਦੇ ਆਲੇ-ਦੁਆਲੇ ਜਿੰਨੇ ਵੀ ਦੁਕਾਨਦਾਰ ਹਨ ਤੇ ਲੋਕ ਰਹਿੰਦੇ ਹਨ, ਉਹ ਹੁਣ ਇਸ ਵਿਕਾਸ ਕਾਰਜ ਤੋਂ ਪ੍ਰੇਸ਼ਾਨ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਉਸਾਰੀ ਕਾਰਨ ਉਨ੍ਹਾਂ ਦੀ ਜਿਊਣਾ ਦੁੱਭਰ ਹੋ ਗਿਆ ਹੈ। ਕੁਝ ਦੁਕਾਨਦਾਰ ਹੁਣ ਵੀ ਦੁਕਾਨਾਂ ਖੋਲ੍ਹ ਰਹੇ ਹਨ, ਪਰ ਵਪਾਰ ਨਾ ਦੇ ਬਰਾਬਰ ਹੈ ਤੇ ਕੁਝ ਦੁਕਾਨਾਂ ਬੰਦ ਕਰ ਗਏ ਹਨ। ਇਸ ਦੇ ਨਾਲ ਹੀ ਟਰੈਫਿਕ ਜਾਮ ਦੀ ਪ੍ਰੇਸ਼ਾਨੀ ਵੀ ਲੋਕਾਂ ਨੂੰ ਝੱਲਣੀ ਪੈ ਰਹੀ ਹੈ।

ਨਗਰ ਨਿਗਮ ਤੇ ਰੇਲਵੇ ਨੂੰ ਇਸ ਪ੍ਰਾਜੈਕਟ ਦੇ ਤਿੰਨ ਹਿੱਸਿਆਂ ਦਾ ਕੰਮ 22 ਫਰਵਰੀ 2022 ਤੱਕ ਪੂਰਾ ਕਰਨਾ ਸੀ। ਇਸ ’ਚ ਸਭ ਤੋਂ ਪਹਿਲਾਂ ਆਰ.ਯੂ.ਬੀ ਭਾਗ ਦੋ ਮਤਲਬ ਪੱਖੋਵਾਲ ਰੋਡ ਤੋਂ ਨਗਰ ਨਿਗਮ ਜ਼ੋਨ-ਡੀ ਅਤੇ ਹੀਰੋ ਬੇਕਰੀ ਚੌਕ ਦੇ ਵੱਲ ਜਾਣ ਵਾਲੇ ਹਿੱਸੇ ਦੇ ਉਸਾਰੀ ਕੀਤੀ ਜਾਣੀ ਸੀ। ਇਸ ਹਿੱਸੇ ਦਾ ਕੰਮ ਪਿਛਲੇ ਸਾਲ ਮਾਰਚ ’ਚ ਪੂਰਾ ਹੋਣਾ ਸੀ, ਪਰ ਲੇਟ ਲਤੀਫ਼ੀ ਦੇ ਕਾਰਨ ਕਈ ਵਾਰ ਇਸ ਦੀ ਡੈੱਡਲਾਈਨ ਬਦਲਣੀ ਪਈ।

ਪਹਿਲਾਂ ਇਸ ਪ੍ਰਾਜੈਕਟ ਦਾ ਇੱਕ ਵੱਡੇ ਅਫ਼ਸਰ ਦੇ ਕਹਿਣ ’ਤੇ ਨਕਸ਼ਾ ਬਦਲਿਆ ਗਿਆ ਸੀ। ਪਰ ਬਾਅਦ ਵਿੱਚ ਜਦੋਂ ਉਸ ਬਾਰੇ ਵਿੱਚ ਰੌਲਾ ਪਇਆ ਤਾਂ ਇਸ ਨੂੰ ਪਹਿਲਾਂ ਵਾਲੇ ਡਿਜ਼ਾਈਨ ਅਨੁਸਾਰ ਹੀ ਬਣਾਉਣਾ ਤੈਅ ਹੋ ਗਿਆ। ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਖਾਤਰ ਇੱਕ ਦੋ ਮਜ਼ਦੂਰ ਕੰਮ ਕਰਦੇ ਨਜ਼ਰ ਆਉਂਦੇ ਹਨ। ਪਰ ਅਸਲ ਵਿੱਚ ਜਿਸ ਥਾਂ ’ਤੇ ਇਸ ਦਾ ਕੰਮ ਜੰਗੀ ਪੱਧਰ ’ਤੇ ਹੋਣਾ ਚਾਹੀਦਾ ਸੀ, ਉਸ ’ਤੇ ਨਗਰ ਨਿਗਮ ਅਧਿਕਾਰੀਆਂ ਦਾ ਧਿਆਨ ਨਹੀਂ ਹੈ।

Facebook Comments

Trending

Copyright © 2020 Ludhiana Live Media - All Rights Reserved.