Connect with us

ਪੰਜਾਬ ਨਿਊਜ਼

ਜਨਰਲ ਆਬਜ਼ਰਵਰ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਟਰਾਂਗ ਰੂਮਾਂ ਦਾ ਦੌਰਾ

Published

on

– ਚੋਣ ਅਧਿਕਾਰੀਆਂ ਨੂੰ ਪੋਲਿੰਗ ਪਾਰਟੀਆਂ, ਸੁਰੱਖਿਆ, ਆਵਾਜਾਈ ਦੀਆਂ ਸਹੂਲਤਾਂ ਅਤੇ ਡਿਸਪਲੇ ਬੋਰਡਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ

ਲੁਧਿਆਣਾ, 15 ਮਈ – ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਆਬਜ਼ਰਵਰ ਦਿਵਿਆ ਮਿੱਤਲ, ਆਈ.ਏ.ਐਸ. ਵੱਲੋਂ ਬੁੱਧਵਾਰ ਨੂੰ ਲੋਕ ਸਭਾ ਹਲਕੇ ਅਧੀਨ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਪ੍ਰੀ-ਪੋਲ ਅਤੇ ਪੋਸਟ-ਪੋਲ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ।

ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓਜ਼) ਏ.ਸੀ.ਏ. ਗਲਾਡਾ ਓਜਸਵੀ ਅਲੰਕਾਰ, ਵਧੀਕ ਡਿਪਟੀ ਕਮਿਸ਼ਨਰ ਡਾ. ਰੁਪਿੰਦਰ ਪਾਲ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਚੇਤਨ ਬੰਗੜ, ਇੰਦਰ ਪਾਲ, ਆਰ.ਟੀ.ਓ ਰਣਦੀਪ ਸਿੰਘ ਹੀਰ, ਐਸ.ਡੀ.ਐਮ. ਦੀਪਕ ਭਾਟੀਆ, ਸਹਾਇਕ ਕਮਿਸ਼ਨਰ (ਯੂ.ਟੀ) ਕ੍ਰਿਤਿਕਾ ਗੋਇਲ ਦੇ ਨਾਲ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਵੱਲੋਂ ਸੁਰੱਖਿਆ, ਸੀ.ਸੀ.ਟੀ.ਵੀ., ਸਿਖਲਾਈ ਕਮਰੇ, ਭੋਜਨ ਅਤੇ ਪੀਣ ਵਾਲੇ ਪਾਣੀ, ਆਵਾਜਾਈ, ਰਾਜਨੀਤਿਕ ਪਾਰਟੀਆਂ ਲਈ ਡਿਸਪਲੇ ਸਕਰੀਨਾਂ (ਸੀ.ਸੀ.ਟੀ.ਵੀ. ਦੁਆਰਾ ਈ.ਵੀ.ਐਮ/ਵੀ.ਵੀ. ਪੈਟ ਦੀ ਲਾਈਵ ਫੁਟੇਜ ਦਿਖਾਉਣ ਲਈ) ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ। ਨਿਰੀਖਣ ਦਾ ਉਦੇਸ਼ ਇਨ੍ਹਾਂ ਸਟਰਾਂਗ ਰੂਮਾਂ ਵਿੱਚ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਹੈ।

ਜਨਰਲ ਆਬਜ਼ਰਵਰ ਨੇ ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਦੱਖਣੀ, ਲੁਧਿਆਣਾ ਪੂਰਬੀ, ਗਿੱਲ ਅਤੇ ਦਾਖਾ ਹਲਕੇ ਦੇ ਵੱਖ-ਵੱਖ ਪ੍ਰੀ-ਪੋਲ ਅਤੇ ਪੋਸਟ-ਪੋਲ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ।

ਜਨਰਲ ਅਬਜ਼ਰਵਰ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਵਾਲੇ ਦਿਨ (31 ਮਈ) ਤੋਂ ਇੱਕ ਦਿਨ ਪਹਿਲਾਂ ਈ.ਵੀ.ਐਮ/ਵੀ.ਵੀ. ਪੈਟ ਲੈਣ ਅਤੇ ਪੋਲਿੰਗ (1 ਜੂਨ) ਤੋਂ ਬਾਅਦ ਜਮ੍ਹਾਂ ਕਰਵਾਉਣ ਸਮੇਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਾਰੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰ ਲੈਣ ਤਾਂ ਜੋ ਸਾਰੇ ਕਾਰਜ ਨਿਰਵਿਘਨ ਨੇਪਰੇ ਚਾੜ੍ਹੇ ਜਾਣ।

ਅਬਜ਼ਰਵਰ ਨੂੰ ਮੌਜੂਦ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਸੁਰੱਖਿਆ ਉਪਾਵਾਂ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਲੋੜੀਂਦੇ ਕਦਮਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਹੈ।

ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਹੋਰ ਚੋਣ ਅਮਲੇ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

Facebook Comments

Trending