ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀਆਂ ਵੱਲੋਂ ‘ਮੇਰਾ ਹੋਸਟਲ ਮੇਰਾ ਘਰ’ ਪ੍ਰੋਗਰਾਮ ਦੀ ਸ਼ੁਰੂਆਤ

Published

on

ਲੁਧਿਆਣਾ : ਪੀ.ਏ.ਯੂ. ਦੇ ਲੜਕੀਆਂ ਦੇ ਹੋਸਟਲ ਵਿੱਚ ਬੀਤੇ ਦਿਨੀਂ ਇੱਕ ਵਿਸ਼ੇਸ਼ ਸਮਾਗਮ ਹੋਇਆ । ਇਸ ਵਿੱਚ ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ ਤੇ ਸੰਸਥਾ ਦੇ ਹੋਸਟਲਾਂ ਨਾਲ ਜੋੜਨ ਲਈ ‘ਮੇਰਾ ਹੋਸਟਲ ਮੇਰਾ ਘਰ’ ਲਹਿਰ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

ਡਾ. ਗੋਸਲ ਨੇ ਕਿਹਾ ਕਿ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀ ਕਿਤਾਬਾਂ ਦੇ ਨਾਲ-ਨਾਲ ਜ਼ਿੰਦਗੀ ਦੀ ਵਿਹਾਰਕਤਾ ਦੇ ਸਬਕ ਵੀ ਸਿੱਖਦੇ ਹਨ । ਉਹਨਾਂ ਕਿਹਾ ਕਿ ਹੋਸਟਲ ਵਿਦਿਆਰਥੀ ਦਾ ਗਿਆਨ ਮੱਠ ਹੁੰਦਾ ਹੈ ਜਿਸ ਨਾਲ ਸਾਰੀ ਉਮਰ ਸਾਂਝ ਦਾ ਰਿਸ਼ਤਾ ਬਣਿਆ ਰਹਿੰਦਾ ਹੈ । ਹੋਸਟਲ ਤੋਂ ਜਾਣ ਤੋਂ ਬਾਅਦ ਇੱਥੇ ਬਿਤਾਏ ਦਿਨ ਵਾਰ ਵਾਰ ਯਾਦ ਆਉਂਦੇ ਹਨ ।

ਡਾ. ਗੋਸਲ ਨੇ ਵਿਦਿਆਰਥੀਆਂ ਨਾਲ ਆਪਣੀ ਹੋਸਟਲ ਵਿੱਚ ਗੁਜ਼ਾਰੀ ਜ਼ਿੰਦਗੀ ਦੇ ਤਜਰਬੇ ਅਤੇ ਯਾਦਾਂ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਇਸ ਘਰ ਨੂੰ ਸਾਫ਼-ਸੁਥਰਾ ਅਤੇ ਨੈਤਿਕ ਤੌਰ ਤੇ ਸਚਿਆਰਾ ਰੱਖਣਾ ਇੱਥੋਂ ਦੇ ਵਸਨੀਕਾਂ ਦੀ ਮੁੱਢਲੀ ਜ਼ਿੰੰਮੇਵਾਰੀ ਬਣ ਜਾਂਦੀ ਹੈ । ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਿਹੋ ਜਿਹਾ ਸਾਡਾ ਆਲਾ ਦੁਆਲਾ ਹੁੰਦਾ ਹੈ ਉਹੋ ਜਿਹੀ ਸਾਡੀ ਸ਼ਖਸੀਅਤ ਉਸਰਦੀ ਹੈ ।

ਉਹਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਹੋਸਟਲਾਂ ਨੂੰ ਆਪਣਾ ਘਰ ਸਮਝਣ ਨਾਲ ਇੱਥੇ ਆਦਰਸ਼ ਜੀਵਨ ਮੁੱਲ ਸਥਾਪਿਤ ਹੋਣਗੇ । ਡਾ. ਜੌੜਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਇਸ ਲਹਿਰ ਤਹਿਤ ਪ੍ਰੋਗਰਾਮ ਕੀਤੇ ਜਾਣਗੇ । ਹੋਸਟਲ ਦੇ ਵਾਰਡਨ ਡਾ. ਲੋਪਾਮੁਦਰਾ ਮੋਹਪਾਤਰਾ ਨੇ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਵਿਦਿਆਰਥਣਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਮਹਿੰਦੀ, ਪੋਸਟਰ ਬਨਾਉਣ ਅਤੇ ਕਵਿਤਾ ਉਚਾਰਨ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ।

 

Facebook Comments

Trending

Copyright © 2020 Ludhiana Live Media - All Rights Reserved.