ਖੇਤੀਬਾੜੀ

ਪੀ.ਏ.ਯੂ. ਦੇ ਕਿਸਾਨ ਮੇਲੇ ਤੇ ਸਨਮਾਨਿਤ ਹੋਣਗੇ ਪੰਜ ਅਗਾਂਹਵਧੂ ਖੇਤੀਕਾਰ

Published

on

ਲੁਧਿਆਣਾ : ਪੀ.ਏ.ਯੂ. 23 ਸਤੰਬਰ ਨੂੰ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੈੜਾਂ ਸਿਰਜਣ ਵਾਲੇ ਚਾਰ ਕਿਸਾਨ ਅਤੇ ਇੱਕ ਕਿਸਾਨ ਬੀਬੀ ਨੂੰ ਸਨਮਾਨਿਤ ਕਰਨ ਜਾ ਰਹੀ ਹੈ । ਇਸਦਾ ਪ੍ਰਗਟਾਵਾ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹਨਾਂ ਕਿਸਾਨਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਵੇਂ ਪੂਰਨੇ ਪਾਏ ਹਨ ਅਤੇ ਇਹ ਹੁਣ ਪ੍ਰੇਰਨਾ ਦੇ ਸਰੋਤ ਬਣ ਗਏ ਹਨ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਹਨਾਂ ਕਿਸਾਨਾਂ ਨੂੰ ਨਗਦ ਇਨਾਮ ਤੋਂ ਬਿਨਾਂ ਪ੍ਰਸ਼ੰਸ਼ਾ ਪੱਤਰ ਅਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਜਾਣਗੇ । ਇਹਨਾਂ ਕਿਸਾਨਾਂ ਵਿੱਚ ਪਿੰਡ ਸਵੱਦੀ ਕਲਾਂ ਦੇ ਅਗਾਂਹਵਧੂ ਕਿਸਾਨ ਸ. ਸਤਪਾਲ ਸਿੰਘ ਤੂਰ ਇੱਕ ਨਾਂ ਹਨ । ਸ. ਤੂਰ ਨੂੰ ਪ੍ਰਵਾਸੀ ਭਾਰਤੀ ਐਵਾਰਡ ਨਾਲ ਸਨਮਾਨਿਆ ਜਾ ਰਿਹਾ ਹੈ । ਉਹ ਖੇਤੀ ਵਿਭਿੰਨਤਾ ਅਤੇ ਖੇਤਰ ਅਧਾਰਿਤ ਖੇਤੀ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਕਿਸਾਨ ਹਨ ਜਿਨਾਂ ਨੇ 1995 ਵਿੱਚ 5 ਏਕੜ ਤੋਂ ਸ਼ੁਰੂ ਕਰਕੇ ਅੱਜ 140 ਏਕੜ ਰਕਬੇ ਤੱਕ ਖੇਤੀ ਦਾ ਫੈਲਾਅ ਕੀਤਾ ਹੈ ।

ਇਸੇ ਵਰਗ ਵਿੱਚ ਪ੍ਰਵਾਸੀ ਭਾਰਤੀ ਐਵਾਰਡ ਨਾਲ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਫੁਗਲਾਣਾ ਦੇ ਕਿਸਾਨ ਅੰਮਿ੍ਤਪਾਲ ਸਿੰਘ ਰੰਧਾਵਾ ਨੂੰ ਸਨਮਾਨਿਆ ਜਾ ਰਿਹਾ ਹੈ । ਪੀ.ਏ.ਯੂ. ਤੋਂ ਬਾਗਬਾਨੀ ਵਿੱਚ ਐੱਮ ਐੱਸ ਸੀ ਕਰਨ ਤੋਂ ਬਾਅਦ ਸ. ਰੰਧਾਵਾ ਨੇ ਨਾਸ਼ਪਾਤੀ, ਆੜੂ ਅਤੇ ਆਲੂ ਬੁਖਾਰਾ ਤੋਂ ਇਲਾਵਾ ਮੂੰਗੀ ਅਤੇ ਬਸੰਤ ਰੁੱਤ ਦੀ ਮੱਕੀ ਦੇ ਖੇਤਰ ਵਿੱਚ ਵਿਸ਼ੇਸ਼ ਕਾਰਜ ਕੀਤਾ ਹੈ ।

2022 ਦਾ ਸ. ਸੁਰਜੀਤ ਸਿੰਘ ਢਿੱਲੋਂ ਐਵਾਰਡ ਜ਼ਿਲਾ ਬਠਿੰਡਾ ਦੇ ਪਿੰਡ ਬੁਰਜ ਥਰੋੜ ਦੇ ਕਿਸਾਨ ਸਤਨਾਮ ਸਿੰਘ ਨੂੰ ਦਿੱਤਾ ਜਾ ਰਿਹਾ ਹੈ । ਛੋਟੇ ਕਿਸਾਨ ਹੋਣ ਦੇ ਬਾਵਜੂਦ ਸ. ਸਤਨਾਮ ਸਿੰਘ ਨੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਅਤੇ ਪਾਣੀ ਦੀ ਸੁਚੱਜੀ ਵਰਤੋਂ ਦੇ ਖੇਤਰ ਵਿੱਚ ਜ਼ਿਕਰਯੋਗ ਅਤੇ ਮਿਸਾਲੀ ਕਾਰਜ ਕੀਤਾ ਹੈ ।

ਇਸ ਵਾਰ ਸ. ਉਜਾਗਰ ਸਿੰਘ ਧਾਲੀਵਾਲ ਪੁਰਸਕਾਰ ਮਾਨਸਾ ਜ਼ਿਲੇ ਦੇ ਘਰਾਂਗਣਾ ਦੇ ਸ. ਮਨਜੀਤ ਸਿੰਘ ਨੂੰ ਦਿੱਤਾ ਜਾ ਰਿਹਾ ਹੈ । ਸ. ਮਨਜੀਤ ਸਿੰਘ ਨੇ ਸਬਜ਼ੀ ਅਤੇ ਸਬਜ਼ੀਆਂ ਦੀ ਪਨੀਰੀ ਉਤਪਾਦਨ ਦੇ ਖੇਤਰ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਪ੍ਰੇਰਨਾਦਾਇਕ ਕੰਮ ਕੀਤਾ ਹੈ ।

ਇਸ ਵਾਰ ਦਾ ਸਰਦਾਰਨੀ ਜਗਬੀਰ ਕੌਰ ਐਵਾਰਡ ਜ਼ਿਲਾ ਫਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਸੀ ਕਿਸਾਨ ਬੀਬੀ ਸ੍ਰੀਮਤੀ ਵੀਰਪਾਲ ਕੌਰ ਨੂੰ ਦਿੱਤਾ ਜਾ ਰਿਹਾ ਹੈ । ਬੀਬੀ ਵੀਰਪਾਲ ਕੌਰ ਨੇ ਸਹਾਇਕ ਧੰਦਿਆਂ ਵਿਸ਼ੇਸ਼ ਕਰਕੇ ਪਸ਼ੂ ਪਾਲਣ ਅਤੇ ਮੁਰਗੀ ਪਾਲਣ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਦੇ ਨਾਲ-ਨਾਲ ਬੇਕਰੀ ਅਤੇ ਕੰਨਫੈਕਸ਼ਨਰੀ ਉਤਪਾਦ ਬਨਾਉਣ ਵਿੱਚ ਔਰਤਾਂ ਲਈ ਮਿਸਾਲੀ ਕਾਰਜ ਕੀਤਾ ਹੈ ।

ਪੀ.ਏ.ਯੂ. ਵੱਲੋਂ ਦਿੱਤਾ ਜਾਣ ਵਾਲਾ ਸ. ਬਾਬੂ ਸਿੰਘ ਬਰਾੜ ਸਰਵੋਤਮ ਛੱਪੜ ਪੁਰਸਕਾਰ ਮੋਗਾ ਜ਼ਿਲੇ ਦੇ ਨਿਹਾਲ ਸਿੰਘ ਵਾਲਾ ਬਲਾਕ ਵਿੱਚ ਪੈਂਦੇ ਪਿੰਡ ਰਣਸੀਂਹ ਕਲਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਪਿੰਡ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਅਤੇ ਹੋਰ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਦੇ ਪਾਣੀ ਦੀ ਸੰਭਾਲ ਲਈ ਇੱਕ ਹੰਭਲਾ ਮਾਰਿਆ ਅਤੇ ਘਰਾਂ ਦੇ ਪਾਣੀ ਨੂੰ ਸਿੰਚਾਈ ਯੋਗ ਬਨਾਉਣ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਕੀਤਾ । ਇਹ ਪਿੰਡ ਵੀ ਹੋਰਨਾਂ ਲਈ ਮਿਸਾਲੀ ਕਾਰਜ ਕਰ ਰਿਹਾ ਹੈ ।

Facebook Comments

Trending

Copyright © 2020 Ludhiana Live Media - All Rights Reserved.