Connect with us

ਪੰਜਾਬ ਨਿਊਜ਼

ਪੀ.ਏ.ਯੂ. ਦੀ ਖੇਤੀ ਡਾਇਰੀ ਅਤੇ ਸਲਾਨਾ ਕੰਧ ਕੈਲੰਡਰ ਕੀਤੇ ਰਿਲੀਜ਼

Published

on

PAU Farming diary and annual wall calendar released

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਖੇਤੀ ਡਾਇਰੀ ਅਤੇ ਯੂਨੀਵਰਸਿਟੀ ਕੈਲੰਡਰ ਅੱਜ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਰਿਲੀਜ਼ ਕੀਤੇ | ਡਾ. ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਵੱਲੋਂ ਤਿਆਰ ਕੀਤੀ ਜਾਂਦੀ ਡਾਇਰੀ ਆਪਣੇ ਆਪ ਵਿੱਚ ਖੇਤੀ ਕਾਰਜਾਂ ਦਾ ਭਰਪੂਰ ਗਿਆਨ ਦਿੰਦੀ ਹੈ |

ਉਹਨਾਂ ਕਿਹਾ ਕਿ ਖੇਤੀ ਖੇਤਰ ਦੇ ਸਾਰੇ ਵਰਗਾਂ ਨੂੰ ਇਸ ਡਾਇਰੀ ਦੀ ਉਡੀਕ ਰਹਿੰਦੀ ਹੈ | ਕਿਸਾਨਾਂ ਤੋਂ ਲੈ ਕੇ ਖੇਤੀ ਮਾਹਿਰਾਂ ਤੱਕ ਸਭ ਦੀਆਂ ਲੋੜਾਂ ਅਨੁਸਾਰ ਵਿਉਂਤੀ ਗਈ ਖੇਤੀਬਾੜੀ ਡਾਇਰੀ ਪੀ.ਏ.ਯੂ. ਦੇ ਸਾਲ ਦੀ ਸ਼ੁਰੂਆਤ ਕਰਦੀ ਹੈ | ਡਾ. ਗੋਸਲ ਨੇ ਕਿਹਾ ਕਿ ਇਸੇ ਤਰ ਕੈਲੰਡਰ ਯੂਨੀਵਰਸਿਟੀ ਦੇ ਕਾਰਜਾਂ ਅਤੇ ਉਦੇਸ਼ਾਂ ਦਾ ਚਿਹਰਾ ਹੁੰਦਾ ਹੈ |

ਉਹਨਾਂ ਸਮੂਹ ਕਰਮਚਾਰੀਆਂ ਅਤੇ ਕਿਸਾਨੀ ਸਮਾਜ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਅਤੇ ਨਾਲ ਹੀ ਚੜਦੇ ਸਾਲ ਖੇਤੀ ਦੇ ਕਾਰਜਾਂ ਦੀ ਬਿਹਤਰੀ ਦੀ ਕਾਮਨਾ ਕੀਤੀ | ਡਾ. ਗੋਸਲ ਨੇ ਕਿਹਾ ਕਿ ਉਹਨਾਂ ਨੂੰ ਭਰਪੂਰ ਆਸ ਹੈ ਕਿ ਖੇਤੀ ਮਾਹਿਰ ਅਤੇ ਕਿਸਾਨ ਬਿਹਤਰ ਤਾਲਮੇਲ ਨਾਲ ਪੰਜਾਬ ਦੀ ਖੇਤੀ ਨੂੰ ਚੜਦੀ ਕਲਾ ਵੱਲ ਲਿਜਾਣ ਵਿੱਚ ਸਫਲ ਹੋਣਗੇ |

ਡਾ. ਗੋਸਲ ਨੇ ਨਾਲ ਹੀ ਪੀ.ਏ.ਯੂ. ਵੱਲੋਂ ਛਾਪੇ ਸਾਹਿਤ ਦਾ ਹਵਾਲਾ ਵੀ ਦਿੱਤਾ | ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਹੈ ਕਿ ਪੰਜਾਬ ਦੇ ਹਰ ਕਿਸਾਨੀ ਪਰਿਵਾਰ ਤੱਕ ਖੇਤੀ ਦੇ ਵੱਖ-ਵੱਖ ਪੱਖਾਂ ਨਾਲ ਸੰਬੰਧਿਤ ਸਾਹਿਤ ਪਹੁੰਚੇ ਇਸਲਈ ਸੌਖੀ ਭਾਸ਼ਾ ਵਿੱਚ ਖੇਤੀ ਕਾਰਜਾਂ ਬਾਰੇ ਕਿਤਾਬਾਂ, ਮਾਸਿਕ ਰਸਾਲੇ ਅਤੇ ਬੁਲਿਟਨ ਛਾਪੇ ਜਾਂਦੇ ਹਨ |

 ਇਸ ਸਮਾਗਮ ਵਿੱਚ ਸਵਾਗਤ ਦੇ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਪੀ.ਏ.ਯੂ. ਦੀ ਡਾਇਰੀ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ | ਇਸ ਤੋਂ ਇਲਾਵਾ ਵੱਖ-ਵੱਖ ਫਸਲਾਂ ਦੀਆਂ ਕਿਸਮਾਂ, ਵਿਗਿਆਨ ਤਰੀਕੇ, ਭੂਮੀ ਅਤੇ ਪਾਣੀ ਸੰਬੰਧੀ ਜਾਣਕਾਰੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਗਿਆਨ ਇਸ ਡਾਇਰੀ ਵਿੱਚ ਸ਼ਾਮਿਲ ਕੀਤਾ ਗਿਆ ਹੈ |
ਕਿਸਾਨਾਂ ਦੀ ਸਹੂਲਤ ਲਈ ਪੀ.ਏ.ਯੂ. ਦੇ ਅਧਿਕਾਰੀਆ, ਕਰਮਚਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪ੍ਰਸ਼ਾਸਕੀ ਟੈਲੀਫੋਨ ਨੰਬਰ ਵੀ ਡਾਇਰੀ ਵਿੱਚ ਮੁਹੱਈਆ ਕਰਵਾਏ ਗਏ ਹਨ | ਡਾ. ਰਿਆੜ ਨੇ ਕਿਹਾ ਕਿ ਇਹ ਡਾਇਰੀ ਅਸਲ ਵਿੱਚ ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਸੂਚਨਾ ਸੰਚਾਰ ਲਈ ਪੁਲ ਦਾ ਕਾਰਜ ਕਰਦੀ ਹੈ |

ਅੰਤ ਵਿੱਚ ਧੰਨਵਾਦ ਦੇ ਸ਼ਬਦ ਜਗਵਿੰਦਰ ਸਿੰਘ ਨੇ ਕਹੇ | ਇਸ ਮੌਕੇ ਪੀ.ਏ.ਯੂ. ਦੇ ਡੀਨ, ਡਾਇਰੈਕਟਰ ਅਤੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ |

Facebook Comments

Trending