ਖੇਤੀਬਾੜੀ

ਪੀ.ਏ.ਯੂ. ਅਤੇ ਫਿਲੀਪੀਨਜ਼ ਦੇ ਝੋਨਾ ਖੋਜ ਸੰਸਥਾਨ ਵੱਲੋਂ ਮਿਲ ਕੇ ਝੋਨੇ ਬਾਰੇ ਪ੍ਰੋਜੈਕਟ ਦੀ ਸਹਿਮਤੀ

Published

on

ਲੁਧਿਆਣਾ : ਅੰਤਰਰਾਸਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ਼ ਤੋਂ ਡਾ. ਵੈਨ ਸ਼ੈਪਲਰ-ਲੂ ਅਤੇ ਡਾ. ਜੀਨੀ ਨੇ ਬੀਤੀ ਦਿਨੀਂ ਪੀ.ਏ.ਯੂ. ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਪੰਜਾਬ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਝੋਨੇ ਦੀ ਕਾਸ਼ਤ ਦੇ ਖੇਤਰ ਵਿੱਚ ਖੋਜ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ |ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਝੋਨੇ ਦੀਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੇ ਵਿਕਾਸ ਵਿੱਚ ਪੀਏਯੂ ਅਤੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ਼ ਦੀ ਇਤਿਹਾਸਕ ਸਾਂਝ ਬਾਰੇ ਗੱਲ ਕੀਤੀ |

ਡਾ. ਗੋਸਲ ਨੇ ਝੋਨੇ ਦੀ ਕਾਸ਼ਤ ਵਿੱਚ ਚੁਣੌਤੀ ਵਜੋਂ ਸਾਹਮਣੇ ਆ ਰਹੀਆਂ ਬਿਮਾਰੀਆਂ ਖਾਸ ਕਰਕੇ ਦੱਖਣੀ ਚੌਲਾਂ ਦੀ ਬਲੈਕ ਸਟ੍ਰੀਕ ਡਵਾਰਫ ਵਾਇਰਸ ਤੋਂ ਇਲਾਵਾ ਇੱਕ ਨਵੀਂ ਵਾਇਰਲ ਬਾਰੇ ਗੱਲ ਕੀਤੀ ਜਿਸਦੀ ਪਛਾਣ ਪੀਏਯੂ ਦੁਆਰਾ ਸਾਲ 2022 ਦੌਰਾਨ ਪਹਿਲੀ ਵਾਰ ਕੀਤੀ ਗਈ ਸੀ ਡਾ. ਗੋਸਲ ਨੇ ਪੀਏਯੂ ਅਤੇ ਆਈਆਰਆਰਆਈ ਦੇ ਵਿਗਿਆਨੀਆਂ ਨੂੰ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ ਬਿਮਾਰੀਆਂ ਦੀ ਰੋਕਥਾਮ ਲਈ ਸਾਂਝੇ ਤੌਰ ਤੇ ਵਿਚਾਰ-ਵਟਾਂਦਰਾ ਕਰਨ ਦੀ ਸਲਾਹ ਦਿੱਤੀ|

ਆਈਆਰਆਰਆਈ ਦੇ ਵਿਗਿਆਨੀਆਂ ਨੇ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ’ਤੇ ਖੇਤੀਬਾੜੀ ਅਤੇ ਭੋਜਨ ਦੇ ਖੇਤਰ ਵਿੱਚ ਪੀਏਯੂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ| ਉਹਨਾਂ ਨੇ ਦੱਸਿਆ ਕਿ ਉਹ ਦੱਖਣ ਏਸ਼ੀਆ ਵਿੱਚ ਹੈਦਰਾਬਾਦ, ਤੇਲੰਗਾਨਾ ਅਤੇ ਹੋਰ ਥਾਵਾਂ ਤੇ ਝੋਨੇ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਪੀਏਯੂ ਵਿੱਚ ਪਹੁੰਚੇ ਹਨ | ਇਹ ਪ੍ਰੋਜੈਕਟ ਜਿਸਦਾ ਕੁੱਲ ਬਜਟ 19.37 ਕਰੋੜ ਹੈ ਅਤੇ ਇਹ ਪ੍ਰੋਜੈਕਟ ਪੀਏਯੂ ਲੁਧਿਆਣਾ ਅਤੇ ਆਈਆਰਆਰਆਈ, ਫਿਲੀਪੀਨਜ ਦੁਆਰਾ ਸਾਂਝੇ ਤੌਰ ’ਤੇ ਨੇਪਰੇ ਚੜਾਇਆ ਜਾਵੇਗਾ |

ਪ੍ਰੋਜੈਕਟ ਦੇ ਪ੍ਰਮੁੱਖ ਨਿਗਰਾਨ ਡਾ. ਜਗਜੀਤ ਸਿੰਘ ਲੋਰੇ ਨੇ ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਝੋਨੇ ਦੇ ਰੋਗਾਣੰੂਆਂ ਬਾਰੇ ਪ੍ਰੋਜੈਕਟ ਦੇ ਵੇਰਵੇ ਸਾਂਝੇ ਕੀਤੇ| ਇਸ ਮੌਕੇ ਪ੍ਰੋਜੈਕਟ ਵਿੱਚ ਸਹਿਯੋਗੀ ਡਾ. ਧਰਮਿੰਦਰ ਭਾਟੀਆ, ਡਾ. ਪ੍ਰੀਤਇੰਦਰ ਸਰਾਓ, ਡਾ. ਰੁਪਿੰਦਰ ਕੌਰ ਅਤੇ ਡਾ. ਮਨਦੀਪ ਹੂੰਝਣ ਵੀ ਮੌਜੂਦ ਸਨ | ਇਹ ਪੰਜ ਸਾਲਾ ਪ੍ਰੋਜੈਕਟ ਝੋਨੇ ਦੀਆਂ ਕਈ ਬਿਮਾਰੀਆਂ ਦੀ ਰੋਕਥਾਮ ਲਈ ਨਵੇਂ ਸਰੋਤਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ|

Facebook Comments

Trending

Copyright © 2020 Ludhiana Live Media - All Rights Reserved.