ਜਲੰਧਰ : ਕਿਸ਼ਨਪੁਰਾ ਚੌਕ ਤੋਂ ਦੋਆਬਾ ਚੌਕ ਨੂੰ ਜਾਂਦੀ ਸੜਕ ’ਤੇ ਕਮਲ ਹਸਪਤਾਲ ਨੇੜੇ ਸਪੀਡ ਬਰੇਕਰ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਦਿਲਬਾਗ ਨਗਰ ਵਜੋਂ ਹੋਈ ਹੈ। ਉਹ ਦੁਬਈ ਤੋਂ ਪਰਤਿਆ ਸੀ।
ਥਾਣਾ ਨੰਬਰ 8 ਦੇ ਏ.ਐਸ.ਆਈ. ਸੰਜੇ ਕੁਮਾਰ ਨੇ ਦੱਸਿਆ ਕਿ ਪ੍ਰਦੀਪ ਸਿੰਘ ਕਿਸੇ ਕੰਮ ਲਈ ਐਕਟਿਵਾ ‘ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਕਮਲ ਹਸਪਤਾਲ ਨੇੜੇ ਪਹੁੰਚਿਆ ਤਾਂ ਐਕਟਿਵਾ ਦੀ ਤੇਜ਼ ਰਫਤਾਰ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਐਕਟਿਵਾ ਸਮੇਤ ਘਸੀਟਣ ਲੱਗਾ। ਸਿਰ ਵਿੱਚ ਸੱਟ ਲੱਗਣ ਕਾਰਨ ਪ੍ਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰਾਹਗੀਰਾਂ ਨੇ ਇਸ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਏ.ਐਸ.ਆਈ. ਸੰਜੇ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੁਲੀਸ ਨੇ ਪ੍ਰਦੀਪ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਪੁਲੀਸ ਨੇ ਪ੍ਰਦੀਪ ਸਿੰਘ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।