ਖੇਤੀਬਾੜੀ

ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ ਮੁੱਖ ਮੰਤਰੀ ਦੀ ਫੇਰੀ ਦੇ ਕੀਤੇ ਪੁਖਤਾ ਇੰਤਜ਼ਾਮ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਲਈ ਕੈਂਪਸ ਨੂੰ ਸਜਾਏ ਜਾਣ ਦੇ ਨਾਲ ਕਿਸਾਨ ਭਾਈਚਾਰੇ ਨੂੰ ਇਸ ਮੇਲੇ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ। ਇਸ ਮੇਲੇ ਵਿੱਚ  ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਮੁੱਖ ਮਹਿਮਾਨ ਹੋਣਗੇ, ਜਦਕਿ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਰਵਾਸੀ ਭਾਰਤੀ ਮਾਮਲੇ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਇਸ ਮੇਲੇ ਦੀ ਪ੍ਰਧਾਨਗੀ ਕਰਨਗੇ।
ਮੁੱਖ ਮਹਿਮਾਨ ਵਜੋਂ ਪਸ਼ੂ ਪਾਲਣ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਰਹੇ ਹਨ । ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੀ.ਏ.ਯੂ. ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨ ਮੇਲਾ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਸਮਾਗਮ ਹੈ। ਉਨ੍ਹਾਂ ਕਿਹਾ ਕਿ ਇਹ ਪੇਂਡੂ ਲੋਕਾਂ ਵਿੱਚ ਸੁਧਰੇ ਹੋਏ ਗਿਆਨ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਖੋਜ ਦੇ ਨਿਰਦੇਸਕ ਡਾ. ਏ.ਐਸ. ਢੱਟ ਨੇ ਕਿਹਾ ਕਿ ਪੀ.ਏ.ਯੂ. ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਇਨਪੁਟ ਦੀ ਵਰਤੋਂ ਕੁਸਲਤਾ ਨੂੰ ਵਧਾਉਣ ਲਈ ਤਕਨਾਲੋਜੀਆਂ ਨੂੰ ਵਿਕਸਤ ਕਰਨ ਲਈ ਲਗਾਤਾਰ ਯਤਨਸੀਲ ਹੈ। ਪਸਾਰ ਸਿੱਖਿਆ ਦੇ ਨਿਰਦੇਸਕ ਡਾ. ਅਸੋਕ ਕੁਮਾਰ ਨੇ ਦੱਸਿਆ ਕਿ ਖੇਤੀ-ਉਦਯੋਗਿਕ ਪ੍ਰਦਰਸਨੀ, ਮਾਹਿਰਾਂ ਨਾਲ ਕਿਸਾਨਾਂ ਦੀ ਗੱਲਬਾਤ, ਮਿੱਟੀ ਅਤੇ ਪਾਣੀ ਦੀ ਪਰਖ, ਖੇਤੀ ਸਾਹਿਤ ਦੀ ਵਿਕਰੀ, ਖੇਤ ਪ੍ਰਦਰਸਨੀ, ਉਤਪਾਦਨ ਮੁਕਾਬਲੇ ਮੇਲੇ ਦੇ ਮੁੱਖ ਆਕਰਸਣ ਹੋਣਗੇ।
ਸਟਾਲਾਂ ਦੇ ਰੂਟ ਬਾਰੇ ਜਾਣਕਾਰੀ ਦਿੰਦਿਆਂ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਫਲਾਂ ਦੇ ਪੌਦਿਆਂ ਦੇ ਸਟਾਲ ਫ਼ਲ ਵਿਗਿਆਨ ਵਿਭਾਗ ਦੇ ਬਾਗਾਂ ਦੇ ਨੇੜੇ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਸਾਹਮਣੇ ਲਾਏ ਜਾਣਗੇ । ਫੁੱਲ (ਸਾਲਾਨਾ ਅਤੇ ਸਜਾਵਟੀ) ਗੇਟ ਨੰ. 2, ਨੇੜੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੀ ਨਰਸਰੀ ਤੋਂ ਖਰੀਦੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਥਾਪਰ ਹਾਲ ਨੇੜੇ ਬੀਜ ਫਾਰਮ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਸਟਾਲ ਨੇੜੇ ਬਾਇਓ ਖਾਦ ਖਰੀਦ ਲਈ ਉਪਲਬਧ ਹੋਵੇਗੀ।
ਅਨਾਜ ਅਤੇ ਤੇਲ ਬੀਜ ਫਸਲਾਂ ਦੇ ਬੀਜ ਅਤੇ ਸਬਜੀਆਂ ਦੀਆਂ ਬੀਜ ਕਿੱਟਾਂ ਅਤੇ ਬੀਜਾਂ (ਬੈਂਗ ਅਤੇ ਟਮਾਟਰ) ਬੀਜ ਫਾਰਮ ’ਤੇ ਵੇਚੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰੋਸੈਸਡ ਉਤਪਾਦ (ਮਲਟੀਗ੍ਰੇਨ ਆਟਾ, ਅਚਾਰ, ਫਲਾਂ ਦਾ ਜੂਸ ਸਰਵ ਕਰਨ ਲਈ ਤਿਆਰ, ਫਲਾਂ ਦੇ ਸਕੁਐਸ ਅਤੇ ਫਲੈਕਸਸੀਡ ਕੂਕੀਜ) ਮੇਲੇ ਦੇ ਮੈਦਾਨ ਵਿੱਚ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਟਾਲ ਤੋਂ ਖਰੀਦੇ ਜਾ ਸਕਦੇ ਹਨ।

Facebook Comments

Trending

Copyright © 2020 Ludhiana Live Media - All Rights Reserved.