ਲੁਧਿਆਣਾ : ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਵੱਖ ਵੱਖ ਸਿਖਲਾਈ ਕੋਰਸ ਕਰਵਾਏ ਗਏ। ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਲਈ ‘ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਪੱਧਰ ਤੇ ਸਾਂਭ-ਸੰਭਾਲ ਕਰਨ ਸਬੰਧੀ’ ਪੰਜ ਦਿਨਾਂ ਸਿਖਲਾਈ ਪ੍ਰੋਗ੍ਰਾਮ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋੇ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ।
ਡਾ. ਰੁਪਿੰਦਰ ਕੌਰ, ਕੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 65 ਸਿਖਿਆਰਥੀਆਂ ਨੇ ਭਾਗ ਲਿਆ। ਇਸ ਕੋਰਸ ਦੇ ਟੈਕਨੀਕਲ ਕੋਆਰਡੀਨੇਟਰ ਡਾ. ਅਰਸ਼ਦੀਪ ਸਿੰਘ, ਭੋਜਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੇ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਬਨਾਉਣ ਦੀ ਜਾਣਕਾਰੀ ਦਿਤੀ ਗਈ ਜਿਵੇਂ ਕਿ ਅੰਬ ਦਾ ਮੁਰੱਬਾ, ਅੰਬ ਦਾ ਸੁਕੈਸ਼, ਅੰਬ ਦੀ ਚਟਨੀ, ਅੰਬ ਪਾਪੜ, ਟਮਾਟਰ ਸੌਸ, ਟਮਾਟਰ ਪਿਊਰੀ, ਟਮਾਟਰਾਂ ਦਾ ਜੂਸ, ਟਮਾਟਰਾਂ ਦੀ ਚਟਨੀ, ਅੰਬ ਦਾ ਆਚਾਰ, ਰਲਿਆ ਮਿਲਿਆ ਆਚਾਰ, ਹਰੀ ਮਿਰਚ, ਅਦਰਕ, ਨਿੰਬੂ ਅਤੇ ਗਲਗਲ ਦਾ ਅਚਾਰ, ਰਲੇ ਮਿਲੇ ਫ਼ਲਾਂ ਦਾ ਜੈਮ, ਅਮਰੂਦ ਦੀ ਜੈਲੀ, ਬਦਾਮ ਦਾ ਸ਼ਰਬਤ, ਆਲੂ ਦੇ ਚਿਪਸ ਅਤੇ ਸਿਨਥੈਟਿਕ ਸਿਰਕਾ ਆਦਿ।
ਡਾ.ਪੂਨਮ ਏ ਸਚਦੇਵ, ਮੁੱਖੀ ਭੋਜਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਣਾ ਬਹੁਤ ਮਹੱਤਵ ਪੂਰਨ ਹੈ। ਜਿਹੜੇ ਉਤਪਾਦ ਬਨਾਉਣੇ ਸਿੱਖੇ ਹਨ, ਆਪੋ ਆਪਣੇ ਘਰਾਂ ਵਿਚ ਜ਼ਰੂਰ ਬਣਾਉਣੇ ਚਾਹੀਦੇ ਹਨ ਤਾਂ ਕਿ ਆਪਣੇ ਪਰਿਵਾਰਾਂ ਲਈ ਸ਼ੁਧ ਅਤੇ ਪੌਸ਼ਟਿਕ ਪਕਵਾਨ ਪ੍ਰਦਾਨ ਕਰ ਸਕੀਏ। ਜਿਹੜੇ ਸਿਖਿਆਰਥੀ ਇਸ ਧੰਦੇ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹਨ ਲੋੜ ਮੁਤਾਬਿਕ ਸਾਡੇ ਵਿਭਾਗ ਤੋਂ ਤਕਨੀਕੀ ਮਦਦ ਲੈ ਸਕਦੇ ਹਨ।
ਇਸ ਕੋਰਸ ਦੌਰਾਨ ਡਾ.ਜਗਬੀਰ ਕੌਰ, ਡਾ.ਨੇਹਾ ਬੱਬਰ, ਡਾ. ਹਨੂਮਾਨ, ਡਾ.ਵਿਕਾਸ ਕੁਮਾਰ ਅਤੇ ਡਾ.ਰਾਹੁਲ ਗੁਪਤਾ ਨੇ ਅਪਣੇ ਤਜ਼ਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ। ਇਸ ਮੌਕੇ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ।
ਇਸ ਤੋਂ ਇਲਾਵਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾੳਣ ਅਤੇ ਸੰਚਾਲਨ ਸੰਬੰਧੀ ਖੇਤੀ ਵਿਕਾਸ ਅਫਸਰਾਂ, ਬਾਗਬਾਨੀ ਵਿਕਾਸ ਅਫਸਰਾਂ, ਸੋਇਲ ਕੰਜਰਵੇਸ਼ਨ ਅਫਸਰਾਂ ਅਤੇ ਕੇਵੀਕੇ ਸਾਇੰਸਦਾਨਾਂ ਵਾਸਤੇ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਬਾਰੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਜਾਣਕਾਰੀ ਦਿੱਤੀ। ਇਸ ਕੋਰਸ ਟੈਕਨੀਕਲ ਕੋਆਰਡੀਨੇਟਰ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ਇਸ ਕੋਰਸ ਵਿੱਚ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਾਰੇ ਜਾਣਕਾਰੀ ਸਾਝੀ ਕੀਤੀ ਗਈ।