ਖੇਤੀਬਾੜੀ

ਪੀ.ਏ.ਯੂ. ਦੇ ਵਰਚੁਅਲ ਕਿਸਾਨ ਮੇਲੇ ਦੇ ਦੂਸਰੇ ਦਿਨ ਹੋਏ ਵਿਚਾਰ ਚਰਚਾ ਸੈਸ਼ਨ

Published

on

ਲੁਧਿਆਣਾ : ਪੀ.ਏ.ਯੂ. ਵੱਲੋਂ ਲਾਏ ਗਏ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਮਾਹਿਰਾਂ ਵੱਲੋਂ ਵੱਖ-ਵੱਖ ਖੇਤੀ ਵਿਸ਼ਿਆਂ ਬਾਰੇ ਵਿਚਾਰ-ਚਰਚਾ ਸੈਸ਼ਨ ਹੋਏ । ਮੇਲੇ ਦੇ ਸਮਾਪਤੀ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਉਹਨਾਂ ਨੇ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਵਰਚੁਅਲ ਕਿਸਾਨ ਮੇਲੇ ਦਾ ਹਿੱਸਾ ਬਣਨ ਉੱਪਰ ਤਸੱਲੀ ਪ੍ਰਗਟ ਕੀਤੀ ।

ਉਹਨਾਂ ਕਿਹਾ ਕਿ ਇਸ ਮੇਲੇ ਦੀ ਸਫਲਤਾ ਨੇ ਇੱਕ ਵਾਰ ਫਿਰ ਪੀ.ਏ.ਯੂ. ਅਤੇ ਕਿਸਾਨਾਂ ਦੇ ਨੇੜਲੇ ਸੰਬੰਧਾਂ ਨੂੰ ਪ੍ਰਦਰਸ਼ਿਤ ਕੀਤਾ ਹੈ । ਉਹਨਾਂ ਕਿਹਾ ਕਿ ਇਸ ਮੇਲੇ ਦੌਰਾਨ ਚਲੰਤ ਖੇਤੀ ਮਸਲਿਆਂ ਬਾਰੇ ਮਾਹਿਰਾਂ ਨੇ ਨਾ ਸਿਰਫ ਨਵੇਂ ਨੁਕਤੇ ਹੀ ਕਿਸਾਨਾਂ ਨੂੰ ਦੱਸੇ ਬਲਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ । ਇਸ ਤੋਂ ਇਲਾਵਾ ਵਿਭਿੰਨ ਵਿਸ਼ਿਆਂ ਬਾਰੇ ਵੀਡੀਓ’ਜ਼ ਦੇਖ ਕੇ ਕਿਸਾਨਾਂ ਨੇ ਆਪਣੀ ਖੇਤੀ ਜਾਣਕਾਰੀ ਵਿੱਚ ਭਰਪੂਰ ਵਾਧਾ ਕੀਤਾ ।

ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਮਿਲੀਆਂ ਰਾਵਾਂ ਅਤੇ ਸੁਝਾਅ ਭਵਿੱਖ ਵਿੱਚ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਉੱਪਰ ਭਰਵਾਂ ਅਸਰ ਪਾਉਣ ਵਿੱਚ ਸਫਲ ਹੋਣਗੇ । ਪਹਿਲੇ ਸੈਸ਼ਨ ਵਿੱਚ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਦੇ ਨਾਲ-ਨਾਲ ਕਿਸਾਨ ਉਤਪਾਦਕ ਸੰਗਠਨ ਬਨਾਉਣ ਬਾਰੇ ਸੰਭਾਵਨਾਵਾਂ ਬਾਰੇ ਚਰਚਾ ਹੋਈ । ਡਾ. ਗੁਰਮੀਤ ਸਿੰਘ ਬੁੱਟਰ ਤੋਂ ਇਲਾਵਾ ਇਸ ਸੈਸ਼ਨ ਵਿੱਚ ਡਾ. ਮਹੇਸ਼ ਕੁਮਾਰ, ਡਾ. ਪੂਨਮ ਅਗਰਵਾਲ ਅਤੇ ਡਾ. ਕਿਰਨ ਬੈਂਸ ਨੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕੀਤੀ ।

ਦੂਸਰਾ ਸੈਸ਼ਨ ਪਸ਼ੂ ਧਨ ਅਤੇ ਸਹਾਇਕ ਧੰਦਿਆਂ ਬਾਰੇ ਸੀ । ਤੀਸਰੇ ਸੈਸ਼ਨ ਵਿੱਚ ਪੰਜਾਬ ਵਿੱਚ ਬਾਗਬਾਨੀ ਅਤੇ ਖੇਤੀ ਜੰਗਲਾਤ ਦੀਆਂ ਸੰਭਾਵਨਾਵਾਂ ਵਿਚਾਰੀਆਂ ਗਈਆਂ। ਇਸ ਸੈਸ਼ਨ ਦਾ ਸੰਚਾਲਨ ਡਾ. ਜਸਵਿੰਦਰ ਸਿੰਘ ਬਰਾੜ ਨੇ ਕੀਤਾ । ਇਸ ਵਿੱਚ ਵਿਚਾਰ ਚਰਚਾ ਲਈ ਡਾ. ਕੁਲਵੀਰ ਸਿੰਘ, ਡਾ. ਸਮਨਪ੍ਰੀਤ ਕੌਰ, ਡਾ. ਸੰਜੀਵ ਚੌਹਾਨ, ਡਾ. ਐੱਸ ਐੱਸ ਵਾਲੀਆ ਅਤੇ ਸ਼੍ਰੀ ਮਹਿੰਦਰ ਸਿੰਘ ਦੋਸਾਂਝ ਸ਼ਾਮਿਲ ਹੋਏ

ਸਮਾਪਤੀ ਸੈਸ਼ਨ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਮੇਲੇ ਦੀ ਸਫਲਤਾ ਲਈ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ । ਉਹਨਾਂ ਦੱਸਿਆ ਕਿ ਦੋ ਦਿਨਾਂ ਮੇਲੇ ਵਿੱਚ 6 ਲੱਖ ਤੋਂ ਵਧੇਰੇ ਕਿਸਾਨ ਆਨਲਾਈਨ ਜੁੜੇ । ਉਹਨਾਂ ਕਿਹਾ ਕਿ 29 ਮਾਰਚ ਵਾਲਾ ਬਠਿੰਡਾ ਕਿਸਾਨ ਮੇਲਾ ਹਕੀਕੀ ਰੂਪ ਵਿੱਚ ਲੱਗ ਰਿਹਾ ਹੈ ।

Facebook Comments

Trending

Copyright © 2020 Ludhiana Live Media - All Rights Reserved.