ਪੰਜਾਬ ਨਿਊਜ਼

ਸਿੱਧੂ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

Published

on

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਹੋ ਗਿਆ ਹੈ। ਮੂਸੇਵਾਲਾ ਦੀ ਪਹਿਲੀ ਬਰਸੀ ਨੂੰ ਲੈ ਕੇ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ ‘ਚ ਪਾਠ ਦੇ ਭੋਗ ਪਾਇਆ ਗਿਆ। ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਪਹਿਲੀ ਬਰਸੀ ‘ਤੇ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

1 ਸਾਲ ‘ਚ ਮਾਂ ਦੇ ਦਰਦ ਨੂੰ ਬਿਆਨ ਕਰਦੇ ਹੋਏ ਚਰਨ ਕੌਰ ਨੇ ਇਸ ਪੋਸਟ ‘ਚ ਲਿਖਿਆ- “ਸੁੱਖਾਂ ਸੁੱਖ ਕੇ ਓ ਦਿਨ ਆਇਆ ਸੀ, ਜਦ ਮੈਂ ਆਪਣੀ ਕੁੱਖ ‘ਚ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਕੀਤਾ ਸੀ, ਬੜੀਆਂ ਰੀਝਾਂ ਤੇ ਚਾਵਾਂ ਨਾਲ ਤੁਹਾਨੂੰ 9 ਮਹੀਨੇ ਪਾਲ ਕੇ ਚੜ੍ਹਦੀ ਜੂਨ ‘ਚ ਗਲ਼ ਨਾਲ ਲਾਇਆ ਸੀ। ਕਦੇ ਨਜ਼ਰਾਂ ਤੋਂ ਬਚਾਉਂਦੀ ਨੇ ਤੇ ਕਦੇ ਖੇਡਾਂ ਨਾਲ ਖਿਡਾਉਂਦੀ ਨੇ, ਸੋਹਣਾ ਸਰਦਾਰ ਸਜਾਇਆ ਸੀ। ਕਦੇ ਸੱਚ ਤੇ ਅਣਖ ਦਾ ਪਾਠ ਪੜ੍ਹਾਉਂਦੀ, ਕਦੇ ਕਿਰਤ ਦੇ ਮੁੱਲ ਦਾ ਗਿਆਨ ਸਿਖਾਉਂਦੀ, ਝੁਕ ਕੇ ਚੱਲਣਾ ਗੱਲ ਬੁਰੀ ਨਾ ਇਹੋ ਗੱਲ ਨੂੰ ਜ਼ਹਿਨ ‘ਚ ਪਾਉਂਦੀ ਨੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਇਆ ਸੀ।

ਉਨ੍ਹਾਂ ਪੋਸਟ ‘ਚ ਅੱਗੇ ਲਿਖਿਆ- ਪਰ ਮੈਂ ਨਹੀਂ ਜਾਣਦੀ ਸੀ ਪੁੱਤ ਕਿ ਤੁਹਾਡਾ ਮੁਕਾਮ ਹੀ ਤੁਹਾਨੂੰ ਮੇਰੇ ਤੋਂ ਦੂਰ ਕਰ ਦੇਵੇਗਾ। ਮੇਰੇ ਲਈ ਇਸ ਤੋਂ ਵੱਡੀ ਸਜ਼ਾ ਕੀ ਹੋਣੀ ਆ ਜਿਹਦੀਆਂ ਲੰਮੀਆਂ ਉਮਰਾਂ ਦੀ ਸੁੱਖ ਮੈਂ ਦਿਨ ਰਾਤ ਸੁੱਖਦੀ ਸੀ, ਅੱਜ ਆਪਣੇ ਉਹੀ ਸ਼ੁੱਭ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖੇ ਨੂੰ ਇਕ ਸਾਲ ਹੋ ਗਿਆ। ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਗੁਨਾਹ ਤੋਂ ਕੁੱਝ ਘਟੀਆ ਲੋਕਾਂ ਨੇ ਮੇਰੇ ਬੱਚੇ ਨੂੰ ਮੇਰੇ ਤੋਂ ਖੋਹ ਲਿਆ। ਅੱਜ ਇਕ ਸਾਲ ਹੋ ਗਿਆ ਪੁੱਤ ਤੁਹਾਨੂੰ ਮੈਂ ਗਲ਼ ਨਾਲ ਨਹੀਂ ਲਾਇਆ।

ਉਨ੍ਹਾਂ ਲਿਖਿਆ- ਤੁਹਾਡੇ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ, ਤੁਹਾਨੂੰ ਤੁਹਾਡਾ ਮਨਪਸੰਦ ਖਾਣਾ ਆਪਣੇ ਹੱਥੀਂ ਨਹੀਂ ਖੁਆਇਆ, ਸ਼ੁੱਭ ਜਦੋਂ ਤੁਸੀਂ ਮੇਰੇ ਕੋਲ ਹੁੰਦੇ ਸੀ, ਮੈਨੂੰ ਹਰ ਮੁਸ਼ਕਲ ਹਰ ਦੁੱਖ ਛੋਟਾ ਲੱਗਦਾ ਸੀ, ਪਰ ਤੁਹਾਡੇ ਬਿਨਾਂ ਮੈਂ ਇਕ ਸਾਲ ਦਾ ਮਾਂ ਕਿਵੇਂ ਬਿਤਾਇਆ ਇਹ ਸਿਰਫ ਮੇਰੀ ਅੰਤਰ ਆਤਮਾ ਜਾਣਦੀ ਆ। ਅੱਜ ਵੀ ਇਹੋ ਸੋਚ ਰਹੀ ਆਂ ਕਿ ਉਹ ਤਰੀਕ ਤਾਂ ਮੁੜ ਆਈ ਆ ਕਿ ਪਤਾ ਤੁਸੀਂ ਵੀ ਆ ਜਾਵੋ। ਮੇਰੀ ਪਰਛਾਈ, ਮੇਰੀ ਹੋਂਦ ਦੀ ਪਛਾਣ ਮੇਰੇ ਗੱਗੂ, ਪੁੱਤ ਮੈਂ ਤੁਹਾਨੂੰ ਗਲ਼ ਨਾਲ ਲਾਉਣਾ, ਮੇਰੀ ਤੜਫਣਾ ਖ਼ਤਮ ਕਰ ਦਵੋ ਪੁੱਤ ਘਰ ਵਾਪਸ ਆ ਜਾਓ, ਕਿਸੇ ਘੜੀ ਵੀ ਜੀ ਨਹੀਂ ਲੱਗਦਾ।”

Facebook Comments

Trending

Copyright © 2020 Ludhiana Live Media - All Rights Reserved.