Connect with us

ਪੰਜਾਬੀ

ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਜ਼ਿਲ੍ਹੇ ‘ਚ 20 ਹਜ਼ਾਰ ਤੋਂ ਵੱਧ ਕਰਮਚਾਰੀ ਤਾਇਨਾਤ – ਜ਼ਿਲ੍ਹਾ ਚੋਣ ਅਫ਼ਸਰ

Published

on

More than 20,000 employees deployed in the district for fair and transparent elections - District Election Officer

ਲੁਧਿਆਣਾ :  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰਾਂ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਹਾਜ਼ਰੀ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਸਟਾਫ਼ ਅਤੇ ਮਾਈਕਰੋ ਅਬਜ਼ਰਵਰਾਂ ਦੀ ਤਾਇਨਾਤੀ ਲਈ ਅੰਤਿਮ ਰੈਂਡਮਾਈਜ਼ੇਸ਼ਨ ਕੀਤੀ ਗਈ।

ਇਹ ਰੈਂਡਮਾਈਜੇਸ਼ਨ ਜਨਰਲ ਚੋਣ ਅਬਜ਼ਰਵਰ ਸ੍ਰੀ ਅੰਨਾਵੀ ਦਿਨੇਸ਼ ਕੁਮਾਰ ਆਈ.ਏ.ਐਸ., ਸ੍ਰੀ ਪ੍ਰਭਾਸ਼ੂ ਕੁਮਾਰ ਸ੍ਰੀਵਾਸਤਵ ਆਈ.ਏ.ਐਸ., ਸ੍ਰੀ ਦੇਵ ਰਾਜ ਦੇਵ ਆਈ.ਏ.ਐਸ., ਸ੍ਰੀ ਸ਼ੀਸ਼ ਨਾਥ ਆਈ.ਏ.ਐਸ., ਸ੍ਰੀ ਟੀ.ਐਨ. ਵੈਂਕਟੇਸ਼ ਆਈ.ਏ.ਐਸ. ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਦੀ ਮੌਜੂਦਗੀ ਵਿੱਚ ਹੋਈ।

ਇਹ ਰੈਂਡਮਾਈਜ਼ੇਸ਼ਨ ਕੇਂਦਰ ਅਤੇ ਰਾਜ ਸਰਕਾਰਾਂ, ਬੈਂਕਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਲਗਭਗ 20 ਹਜ਼ਾਰ ਕਰਮਚਾਰੀਆਂ ਦੀ ਤਾਇਨਾਤੀ ਲਈ ਕੀਤੀ ਗਈ ਜਿਨ੍ਹਾਂ ਨੂੰ ਪੋਲਿੰਗ ਡਿਊਟੀਆਂ ਸੌਂਪੀਆਂ ਗਈਆਂ ਹਨ। ਚੋਣਾਂ ਵਿੱਚ ਲੋੜ ਅਨੁਸਾਰ ਮੁਲਾਜ਼ਮਾਂ ਨੂੰ ਪੋਲਿੰਗ ਅਤੇ ਸਹਾਇਕ ਸਟਾਫ਼ ਵਜੋਂ ਡਿਊਟੀ ਸੌਂਪੀ ਗਈ ਹੈ ਅਤੇ ਮਾਈਕਰੋ ਅਬਜ਼ਰਵਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ।

ਰੈਂਡਮਾਈਜੇਸ਼ਨ ਦਾ ਮੰਤਵ 20 ਫਰਵਰੀ ਨੂੰ ਹੋਣ ਵਾਲੀ ਪੋਲਿੰਗ ਲਈ ਸਟਾਫ਼ ਦੀਆਂ ਡਿਊਟੀਆਂ ਲਗਾਉਣਾ ਹੈ। ਇਹ ਰੈਂਡਮਾਈਜ਼ੇਸ਼ਨ ਜ਼ਿਲ੍ਹੇ ਦੇ ਪੋਲਿੰਗ ਬੂਥਾਂ ‘ਤੇ ਪੋਲਿੰਗ ਪਾਰਟੀਆਂ ਦੀ ਤਾਇਨਾਤੀ ਲਈ ਕੀਤੀ ਗਈ। ਚੋਣਾਂ ਦੌਰਾਨ ਕਈ ਕਰਮਚਾਰੀਆਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ (ਪੀ.ਆਰ.ਓ), ਪੋਲਿੰਗ ਅਫ਼ਸਰ (ਪੀ.ਓ) ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਲੋੜੀਂਦਾ ਸਟਾਫ਼ ਵੀ ਤਾਇਨਾਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੋਲਿੰਗ ਸਟਾਫ਼ ਅਤੇ ਰਿਟਰਨਿੰਗ ਅਫ਼ਸਰਾਂ ਦੇ ਸਹਾਇਕ ਸਟਾਫ਼ ਸਮੇਤ 20 ਹਜ਼ਾਰ ਦੇ ਕਰੀਬ ਮੁਲਾਜ਼ਮ ਚੋਣ ਡਿਊਟੀਆਂ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Facebook Comments

Trending